ਬਰੈਂਪਟਨ— ਕੈਨੇਡਾ ਦਾ ਸਭ ਤੋਂ ਵੱਡਾ ਸੂਬਾ ਓਨਟਾਰੀਓ ਸਿਆਸੀ ਸ਼ਕਤੀ ਤੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਓਨਟਾਰੀਓ ਸੂਬੇ ਦਾ ਅਹਿਮ ਹੋਣਾ ਲਾਜ਼ਮੀ ਹੈ, ਕਿਉਂਕਿ ਇੱਥੇ ਦੋ ਸਿੱਖ ਚਿਹਰੇ ਚੋਣ ਮੈਦਾਨ ‘ਚ ਹਨ। ਜਗਮੀਤ ਸਿੰਘ ਦੇ ਨਾਂ ਤੋਂ ਹੁਣ ਹਰ ਕੋਈ ਵਾਕਿਫ ਹੋਵੇਗਾ, ਜੋ ਕਿ ਬੀਤੇ ਸਾਲ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਚੁਣੇ ਗਏ। ਹੁਣ ਜਗਮੀਤ ਦਾ ਭਰਾ ਗੁਰਰਤਨ ਸਿੰਘ ਐੱਨ. ਡੀ. ਪੀ. ਪਾਰਟੀ ਵਲੋਂ ਨਾਮਜ਼ਦ ਹੋਇਆ ਹੈ ਅਤੇ ਉਹ ਚੋਣ ਮੁਕਾਬਲੇ ਲਈ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਈਸਟ ‘ਚ ਚੋਣ ਮੁਕਾਬਲੇ ਲਈ ਉਤਰੇ ਹਨ। ਗੁਰਰਤਨ ਸਿੰਘ ਨੂੰ ਸੌਖੀ ਹੀ ਸੂਬਾਈ ਐੱਨ. ਡੀ. ਪੀ. ਪਾਰਟੀ ਦੀ ਨਾਮਜ਼ਦਗੀ ਮਿਲ ਗਈ। ਵੱਡੀ ਗਿਣਤੀ ‘ਚ ਗੁਰਰਤਨ ਦੀ ਨਾਮਜ਼ਦਗੀ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਖੁਸ਼ੀ ਜ਼ਾਹਰ ਕੀਤੀ।
ਐੱਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਨਾਮਜ਼ਦਗੀ ਦੇ ਨਤੀਜੇ ਐਲਾਨ ਕਰਦੇ ਹੋਏ ਕਿਹਾ ਕਿ ਗੁਰਰਤਨ ਸਿੰਘ ਚੋਣ ਮੁਕਾਬਲੇ ਲਈ ਉਤਰੇ ਹਨ। ਜਗਮੀਤ ਨੇ ਟਵਿੱਟਰ ‘ਤੇ ਟਵੀਟ ਕੀਤਾ, ”ਗੁਰਰਤਨ ਸਿੰਘ ਮੇਰੇ ਭਰਾ ਮਦਦ ਲਈ ਤੁਹਾਡਾ ਪਾਰਟੀ ‘ਚ ਸਵਾਗਤ ਹੈ। ਉਨ੍ਹਾਂ ਅੱਗੇ ਲਿਖਿਆ, ”ਗੁਰਰਤਨ ਸਿੰਘ ਬਰੈਂਪਟਨ ਈਸਟ ਤੋਂ ਚੋਣ ਲੜਨ ਲਈ ਖੜ੍ਹੇ ਹਨ, ਅਸੀਂ ਇਸ ਚੋਣਾਂ ਨੂੰ ਜਿੱਤਣ ਲਈ ਦੌੜ ‘ਚ ਹਾਂ!” ਇੱਥੇ ਦੱਸ ਦੇਈਏ ਕਿ ਬਰੈਂਪਟਨ ਈਸਟ ‘ਚ 7 ਜੂਨ 2018 ਨੂੰ ਸੂਬਾਈ ਚੋਣਾਂ ਹੋਣੀਆਂ ਹਨ।
ਗੁਰਰਤਨ ਸਿੰਘ ਪਹਿਲੀ ਵਾਰ ਚੋਣ ਮੈਦਾਨ ‘ਚ ਨਹੀਂ ਉਤਰੇ, ਇਸ ਤੋਂ ਪਹਿਲਾਂ ਉਹ ਬਰੈਂਪਟਨ ਪੀਲ ਰਿਜਨ ਕੌਂਸਲਰ ਸੀਟ ‘ਤੇ 2014 ‘ਚ ਚੋਣ ਲੜੇ ਸਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। 33 ਸਾਲਾ ਗੁਰਰਤਨ ਸਿੰਘ ਵਕੀਲ ਹਨ। ਉਨ੍ਹਾਂ ਨੇ ਲਾਅ ਦੀ ਪੜ੍ਹਾਈ 2014 ‘ਚ ਕੀਤੀ ਸੀ। ਬੀਤੇ ਮਹੀਨੇ ਹੀ ਗੁਰਰਤਨ ਸਿੰਘ ਨੇ ਬਰੈਂਪਟਨ ਈਸਟ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਦੀ ਨਾਮਜ਼ਦਗੀ ਕਾਰਨ ਜਗਮੀਤ ਨੂੰ ਵੱਡਾ ਸਹਾਰਾ ਮਿਲਿਆ ਹੈ। ਇਹ ਗੱਲ ਇੱਥੇ ਇਸ ਲਈ ਆਖੀ ਜਾ ਰਹੀ ਹੈ ਕਿ 2019 ‘ਚ ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ ਹੋਣੀਆਂ ਹਨ, ਜਿਸ ‘ਚ ਜੇਕਰ ਐੱਨ. ਡੀ. ਪੀ. ਪਾਰਟੀ ਨੂੰ ਬਹੁਮਤ ਮਿਲਦਾ ਹੈ ਤਾਂ ਜਗਮੀਤ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ।