ਮੋਗਾ, 25 ਜੁਲਾਈ
ਇੱਥੇ ਥਾਣਾ ਸਦਰ ਪੁਲੀਸ ਨੇ ਆਪਣੀ ਹੀ ਰਿਸ਼ਤੇਦਾਰ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਭਾਜਪਾ ਆਗੂ ਜਗਦੀਸ਼ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀਆਂ ਵੱਖ ਵੱਖ ਸਮਾਗਮਾਂ ਵਿੱਚ ਭਾਜਪਾ ਆਗੂਆਂ ਤੇ ਹੋਰ ਹਸਤੀਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਂਝ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਸਿਆਸੀ ਆਗੂਆਂ ਨੇ ਫੇਸਬੁੱਕ ਤੋਂ ਮੁਲਜ਼ਮ ਨਾਲ ਆਪਣੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਮੁਲਜ਼ਮ ਕੇਸ ਦਰਜ ਹੋਣ ਤੋਂ ਕੁਝ ਦਿਨ ਪਹਿਲਾਂ ਵਿਦੇਸ਼ ਚਲਾ ਗਿਆ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਪੁਲੀਸ ਨੇ ਮੁਢਲੀ ਜਾਂਚ ਅਤੇ ਸਰਕਾਰੀ ਵਕੀਲ ਤੋਂ ਕਾਨੂੰਨੀ ਰਾਇ ਲੈਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਤੇ 506 ਤਹਿਤ ਕੇਸ ਦਰਜ ਕੀਤਾ ਹੈ। ਮੁਢਲੀ ਜਾਂਚ ਦੌਰਾਨ ਮੁਲਜ਼ਮ ਨੇ ਕਿਹਾ ਸੀ ਕਿ ਉਹ ਭਾਜਪਾ ਦਾ ਜ਼ਿਲ੍ਹਾ ਸਕੱਤਰ ਹੈ ਤੇ ਉਸ ਦਾ ਅਕਸ ਖਰਾਬ ਕਰਨ ਲਈ ਸ਼ਿਕਾਇਤ ਕੀਤੀ ਗਈ ਹੈ। ਪੁਲੀਸ ਮੁਤਾਬਕ ਮੁਢਲੀ ਸੁਣਵਾਈ ਦੌਰਾਨ ਮੁਲਜ਼ਮ ਖੁਦ ਨੂੰ ਬੇਗੁਨਾਹ ਸਾਬਤ ਕਰਨ ਲਈ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਜਗਦੀਸ਼ ਸਿੰਘ ਉਰਫ਼ ਦੀਸ਼ਾ ਬਰਾੜ ਬੀਤੇ ਵਰ੍ਹੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ। ਥਾਣਾ ਸਦਰ ’ਚ ਦਰਜ ਐੱਫਆਈਆਰ ਮੁਤਾਬਕ ਪੀੜਤ ਵਿਆਹੁਤਾ ਨੇ ਦੋਸ਼ ਲਾਇਆ ਕਿ ਪਰਿਵਾਰ ਦੀ ਆਰਥਿਕ ਮਜਬੂਰੀ ਦਾ ਲਾਭ ਚੁਕਦੇ ਹੋਏ ਮੁਲਜ਼ਮ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਦੌਰਾਨ ਮੁਲਜ਼ਮ ਨੇ ਪੀੜਤ ਦੇ ਨਾਮ ’ਤੇ ਕਰਜ਼ਾ ਚੁੱਕ ਕੇ ਗੱਡੀ ਵੀ ਖਰੀਦ ਲਈ। ਕਿਸ਼ਤਾਂ ਨਾ ਮੋੜਨ ਕਰਕੇ ਬੈਂਕ ਨੇ ਕੋਰਟ ਕੇਸ ਕਰ ਦਿੱਤਾ। ਪੀੜਤ ਨੇ ਬੈਂਕ ਦਾ ਕਰਜ਼ਾ ਅਦਾ ਕਰਨ ਲਈ ਮੁਲਜ਼ਮ ’ਤੇ ਦਬਾਅ ਬਣਾਇਆ ਤਾਂ ਉਸ ਨੇ ਸਾਬਕਾ ਕਾਂਗਰਸੀ ਵਿਧਾਇਕ (ਹੁਣ ਭਾਜਪਾ ਆਗੂ) ਨਾਲ ਨੇੜਤਾ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਪੀੜਤ ਮੁਤਾਬਕ ਉਸ ਨੂੰ ਕਰਜ਼ਾ ਅਦਾ ਕਰਨ ਲਈ ਆਪਣਾ ਘਰ ਵੀ ਵੇਚਣਾ ਪਿਆ। ਐੱਫਆਈਆਰ ਮੁਤਾਬਕ ਪੀੜਤ ਵਿਆਹੁਤਾ ਨੇ 15 ਮਾਰਚ 2023 ਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਕੋਲ ਜਾਣਾ ਚਾਹਿਆ ਤਾਂ ਮੁਲਜ਼ਮ ਨੇ ਉਸ ਨੂੰ ਡਰਾ-ਧਮਕਾ ਕੇ ਮੋੜ ਦਿੱਤਾ। ਇਸ ਬਾਰੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਮੁਲਜ਼ਮ ਪਾਰਟੀ ਵਿੱਚ ਕੋਈ ਅਹੁਦੇਦਾਰ ਨਹੀਂ ਹੈ।