ਪੇਈਚਿੰਗ: ਚੀਨ ਵੱਲੋਂ ਪੂਰਬੀ ਚੀਨ ਸਾਗਰ ’ਚ ਵਿਵਾਦਤ ਸੇਨਕਾਕੂ ਦੀਪਾਂ ਨੂੰ ਆਪਣੇ ਇਲਾਕੇ ’ਚ ਸ਼ਾਮਲ ਕਰਨ ਲਈ ਜਾਰੀ ਨਵੇਂ ‘‘ਨਕਸ਼ੇ’’ ਉੱਤੇ ਜਪਾਨ ਨੇ ਵੀ ਵਿਰੋਧ ਜਤਾਇਆ ਹੈ। ਇਸ ਤੋਂ ਪਹਿਲਾ ਭਾਰਤ, ਫਿਲਪੀਨਜ਼, ਮਲੇਸ਼ੀਆ, ਵੀਅਤਨਾਮ ਅਤੇ ਤਾਇਵਾਨ ਵੀ ਇਸ ਨਕਸ਼ੇ ’ਤੇ ਆਪਣਾ ਵਿਰੋਧ ਜਤਾ ਚੁੱਕੇ ਹਨ। ਜਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਨੇ ਮੰਗਲਵਾਰ ਨੂੰ ਟੋਕੀਓ ’ਚ ਮੀਡੀਆ ਨੂੰ ਦੱਸਿਆ ਕਿ ਜਪਾਨ ਨੇ ਪਿਛਲੇ ਮਹੀਨੇ ਪੇਈਚਿੰਗ ਵੱਲੋਂ ਜਾਰੀ ਕੀਤੇ ਇੱਕ ਨਕਸ਼ੇ ’ਤੇ ਰਣਨੀਤਕ ਚੈਨਲ ਰਾਹੀਂ ਚੀਨ ਕੋਲ ਵਿਰੋਧ ਦਰਜ ਕਰਵਾਇਆ ਹੈ। ਜਪਾਨੀ ਮੀਡੀਆ ਨੇ ਮਾਤਸੁਨੋ ਦੇ ਹਵਾਲੇ ਨਾਲ ਕਿਹਾ ਕਿ ਟੋਕੀਓ ਨੇ ਪੇਈਚਿੰਗ ਨੂੰ ਨਕਸ਼ਾ ਰੱਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਵਿੱਚ ਦੱਖਣੀ ਜਪਾਨ ਦੇ ਓਕਿਨਾਵਾ ਸੂਬੇ ਵਿੱਚ ਪੈਂਦੇ ਸੇਨਕਾਕੂ ਦੀਪਾਂ ’ਤੇ ਚੀਨ ਦੇ ਇੱਕਪਾਸੜ ਦਾਅਵਿਆਂ ’ਤੇ ਆਧਾਰਿਤ ਵੇਰਵਾ ਹੈ। ਨਕਸ਼ੇ ਵਿੱਚ ਸੇਨਕਾਕੂ ਨੂੰ ਡਿਓਯੂੁ ਦੀਪ ਵਜੋਂ ਦਰਸਾਇਆ ਗਿਆ ਹੈ। ਪੂਰਬੀ ਚੀਨ ਸਾਗਰ ’ਚ ਜਾਪਾਨੀ ਪ੍ਰਸ਼ਾਸਨ ਵਾਲੇ ਦੀਪਾਂ ’ਤੇ ਚੀਨ ਦਾਅਵਾ ਕਰਦਾ ਹੈ।