ਕੁਰਾਲੀ : ਟਰੈਵਲ ਏਜੰਟ ਵੱਲੋਂ ਜਪਾਨ ਭੇਜਣ ਦੇ ਨਾਂ ’ਤੇ ਆਰਮੀਨੀਆ ਵਿੱਚ ਫਸੇ ਨੇੜਲੇ ਪਿੰਡ ਸ਼ਾਹਪੁਰ ਦੇ ਨੌਜਵਾਨ ਵਰਿੰਦਰ ਸਿੰਘ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਲੱਖਾਂ ਰੁਪਏ ਅਤੇ ਪੁੱਤਰ ਨੂੰ ਗਵਾਉਣ ਉਪਰੰਤ ਪਰਿਵਾਰ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਸ਼ਾਹਪੁਰ ਵਾਸੀ ਰੋਹਿਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਜਪਾਨ ਜਾਣ ਲਈ ਅੰਮ੍ਰਿਤਸਰ ਨਾਲ ਸਬੰਧਤ ਏਜੰਟ ਨੂੰ 18 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਵਰਿੰਦਰ ਨੂੰ ਜਪਾਨ ਭੇਜਣ ਦੀ ਥਾਂ ਆਰਮੀਨੀਆ ਭੇਜ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਏਜੰਟ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਵਰਿੰਦਰ ਨੂੰ ਮੁੜ ਭਾਰਤ ਸੱਦ ਲਿਆ ਅਤੇ ਦੁੁਬਾਰਾ ਆਰਮੀਨੀਆ ਰਸਤੇ ਹੀ ਜਪਾਨ ਭੇਜਣ ਦਾ ਵਾਅਦਾ ਕੀਤਾ। ਦੁਬਾਰਾ ਫਿਰ ਏਜੰਟ ਵਰਿੰਦਰ ਨੂੰ ਆਰਮੀਨੀਆ ਵਿੱਚ ਹੀ ਛੱਡ ਕੇ ਖੁਦ ਖਿਸਕ ਗਿਆ ਅਤੇ ਉਦੋਂ ਤੋਂ ਵਰਿੰਦਰ ਉੱਥੇ ਹੀ ਫਸਿਆ ਹੋਇਆ ਸੀ। ਰੋਹਿਤ ਸਿੰਘ ਨੇ ਦੱਸਿਆ ਕਿ ਵਰਿੰਦਰ ਦੇ ਇਸ ਤਰ੍ਹਾਂ ਫਸਣ ਅਤੇ ਪੈਸੇ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਜ਼ਮੀਨ ਵੇਚਣੀ ਪਈ। ਇਸ ਕਾਰਨ ਵਰਿੰਦਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ।
ਰੋਹਿਤ ਨੇ ਦੱਸਿਆ ਕਿ ਇਸੇ ਦੌਰਾਨ 19 ਨਵੰਬਰ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਵਰਿੰਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਹੀ ਅਸਲ ਵਿੱਚ ਵਰਿੰਦਰ ਦੀ ਮੌਤ ਦਾ ਕਾਰਨ ਬਣੀ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਦੀ ਜਾਂਚ ਅਤੇ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਰਿੰਦਰ ਦੀ ਮ੍ਰਿਤਕ ਦੇਹ ਜਲਦੀ ਭਾਰਤ ਲਿਆਉਣ ਲਈ ਭਾਰਤ ਤੇ ਰਾਜ ਸਰਕਾਰ ਬਣਦੀ ਕਾਰਵਾਈ ਕਰੇ।