ਨਵੀਂ ਦਿੱਲੀ, 20 ਦਸੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸਰਕਾਰ ਉੱਤੇ ਜਨਤਾ ਨਾਲ ਜੁੜੇ ਮੁੱਦਿਆਂ ਤੇ ਸੰਸਦ ਵਿੱਚ ਚਰਚਾ ਨਾ ਕਰਵਾਉਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਉਨ੍ਹਾਂ ਵੱਲੋਂ ਲੱਦਾਖ ਦਾ ਮੁੱਦਾ ਨਹੀਂ ਉਠਾਉਣ ਦਿੱਤਾ ਗਿਆ। ਉਨ੍ਹਾਂ ਨੇ ਲੱਦਾਖ ਲਈ ਪੂਰਨ ਸੂਬੇ ਦੇ ਦਰਜੇ ਦੀ ਮੰਗ ਅਤੇ ਸਰਹੱਦੀ ਇਲਾਕਿਆਂ ਵਿੱਚ ਜ਼ਮੀਨਾਂ ਤੱਕ ਸਥਾਨਕ ਲੋਕਾਂ ਦੀ ਪਹੁੰਚ ਯਕੀਨੀ ਬਣਾਉਣ ਦੇ ਵਿਸ਼ੇ ਸਬੰਧੀ ਨੋਟਿਸ ਦਿੱਤਾ ਸੀ। ਰਾਹੁਲ ਗਾਂਧੀ ਨੇ ਸੰਸਦ ਦੇ ਅਹਾਤੇ ਵਿੱਚ ਕਿਹਾ, ‘‘ਅਸੀਂ ਲੱਦਾਖ ਦਾ ਮੁੱਦਾ ਚੁੱਕਣਾ ਚਾਹੁੰਦੇ ਹਾਂ ਤਾਂ ਸਰਕਾਰ ਚੁੱਕਣ ਨਹੀਂ ਦਿੰਦੀ, ਕਿਸਾਨਾਂ ਦਾ ਮੁੱਦਾ ਉਠਾਉਣਾ ਚਾਹੁੰਦੇ ਸੀ, ਸਰਕਾਰ ਨਹੀਂ ਚੁੱਕਣ ਦਿੰਦੀ।’’ ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘‘ਸੰਸਦ ਦੀ ਕਾਰਵਾਈ ਚਲਾਉਣੀ ਵਿਰੋਧੀ ਧਿਰ ਦੀ ਨਹੀਂ ਬਲਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਲਖੀਮਪੁਰ ਖੀਰੀ ਮਾਮਲੇ ’ਤੇ ਸੰਸਦ ਵਿੱਚ ਚਰਚਾ ਹੋਣੀ ਚਾਹੀਦੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੱਲੋਂ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਉੱਤੇ ਫੋਨ ਟੈਪਿੰਗ ਦਾ ਦੋਸ਼ ਲਾਏ ਸਬੰਧੀ ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘‘ਸਰਕਾਰ ਵੱਲੋਂ ਲੋਕਤੰਤਰ ’ਤੇ ਲਗਾਤਾਰ ਹਮਲੇ ਹੋ ਰਹੇ ਹਨ।’’