ਪਟਨਾ, 22 ਸਤੰਬਰ
ਕੇਂਦਰ ਵੱਲੋਂ ਜਨਗਣਨਾ 2024 ਦੀਆਂ ਲੋਕਾਂ ਸਭਾ ਚੋਣਾਂ ਤੋਂ ਬਾਅਦ ਕਰਵਾਉਣ ਸਬੰਧੀ ਬਿਆਨ ਦੇ ਇੱਕ ਦਿਨ ਬਾਅਦ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਜਨਗਣਨਾ ‘‘ਤੁਰੰਤ’’ ਸ਼ੁਰੂ ਕਰਵਾਈ ਜਾਣੀ ਚਾਹੀਦੀ ਹੈ।’’ ਜਨਤਾ ਦਲ (ਯੂ) ਦੇ ਮੁਖੀ ਕੁਮਾਰ ਨੇ ਇਹ ਵੀ ਕਿਹਾ ਕਿ ਜਨਗਣਨਾ 2021 ਵਿੱਚ ਪੂਰੀ ਕੀਤੀ ਜਾਣੀ ਚਾਹੀਦੀ ਸੀ ਅਤੇ ਉਨ੍ਹਾਂ ਦਾਅਵਾ ਕੀਤਾ ਕਿ ‘‘ਦੇਸ਼ ਵਿੱਚ ਦਹਾਕੇ ਮਗਰੋਂ ਹੋਣ ਵਾਲੀ ਜਨਗਣਨਾ ’ਚ ਪਹਿਲੀ ਵਾਰ ਦੇਰੀ ਹੋਈ ਹੈ।’’ ਕੇਂਦਰੀ ਗ੍ਰਹਿ ਮੰਤਰੀ ਦੇ ਜਨਗਣਨਾ ਸਬੰਧੀ ਬਿਆਨ ਬਾਰੇ ਗੱਲ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ, ‘‘ਲੋਕ ਸਭਾ ਚੋਣਾਂ ਦੀ ਉਡੀਕ ਦੀ ਕੀ ਲੋੜ ਹੈ… ਹੁਣ ਕਿਉਂ ਨਹੀਂ? ਦਹਾਕੇ ਮਗਰੋਂ ਹੁੰਦੀ ਜਨਗਣਨਾ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ। ਕੇਂਦਰ ਨੂੰ ਜਨਗਣਨਾ ਤੁਰੰਤ ਸ਼ੁਰੂ ਕਰਨੀ ਚਾਹੀਦੀ ਹੈ।’’ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਜਨਗਣਨਾ ਕਰਵਾਈ ਜਾਵੇਗੀ। ਜਨਤਾ ਦਲ ਦੇ ਨੇਤਾ ਨੇ ਕਿਹਾ, ‘‘ਜਨਗਣਨਾ ’ਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਅਸੀਂ ਜਨਗਣਨਾ ਦੇ ਨਾਲ ਜਾਤੀ ਅਧਾਰਿਤ ਜਨਗਣਨਾ ਵੀ ਚਾਹੁੰਦੇ ਸੀ ਪਰ ਕੇਂਦਰ ਸਹਿਮਤ ਨਹੀਂ ਹੋਇਆ। ਆਖਰਕਾਰ, ਅਸੀਂ ਆਪਣੇ ਤੌਰ ’ਤੇ ਜਾਤੀ-ਅਧਾਰਿਤ ਜਨਗਣਨਾ ਕਰਵਾਈ।’’ ਨਿਤੀਸ਼ ਨੇ ਕਿਹਾ, ‘‘ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ’ਚ ਪਾਸ ਹੋ ਗਿਆ ਹੈ ਪਰ ਇਸ ਨੂੰ ਲਾਗੂ ਕਰਨ ਬਾਰੇ ਕੀ ਹੋਵੇਗਾ। ਕੇਂਦਰ ਨੂੰ ਮਹਿਲਾ ਰਾਖਵਾਂਕਰਨ ਦੀ ਤਜਵੀਜ਼ ਲਾਗੂ ਕਰਨ ਲਈ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ।’’