ਨਵੀਂ ਦਿੱਲੀ:
ਹਰਫਨਮੌਲਾ ਰਵਿੰਦਰ ਜਡੇਜਾ ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਕ੍ਰਿਕਟ ਟੈਸਟ ਵਿੱਚ ਅੱਜ ਇੱਥੇ ਆਸਟਰੇਲੀਆਂ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਅਤੇ ਚਾਰ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ। ਜਡੇਜਾ ਨੇ 12.1 ਓਵਰਾਂ ਵਿੱਚ 42 ਦੌੜਾਂ ਦੇ ਕੇ ਸੱਤ ਵਿਕਟਾਂ ਝਟਕਾਈਆਂ ਅਤੇ ਮਹਿਮਾਨ ਟੀਮ ਦੀ ਦੂਜੀ ਪਾਰੀ 113 ਦੌੜਾਂ ’ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਨੂੰ 115 ਦੌੜਾਂ ਦਾ ਟੀਚਾ ਮਿਲਿਆ, ਜੋ ਉਸ ਨੇ 26.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਜਡੇਜਾ ਦੇ ਸਾਥੀ ਸਪਿੰਨਰ ਰਵੀਚੰਦਰ ਅਸ਼ਵਿਨ ਨੇ 59 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਚੇਤੇਸ਼ਵਰ ਪੁਜਾਰਾ ਨੇ ਚੌਕੇ ਨਾਲ ਭਾਰਤ ਨੂੰ ਜਿੱਤ ਦਿਵਾਈ। ਉਹ 31 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤੀ ਟੀਮ ਦੀ ਆਸਟਰੇਲੀਆ ਖ਼ਿਲਾਫ਼ ਸਾਰੀਆਂ ਵੰਨਗੀਆਂ ਵਿੱਚ ਇਹ 100ਵੀਂ ਜਿੱਤ ਹੈ। ਇਸ ਜਿੱਤ ਨਾਲ ਹੀ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਟਿਕਟ ਲਗਪਗ ਪੱਕੀ ਕਰਨ ਦੇ ਨਾਲ ਨਾਲ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਰੱਖਣ ਦਾ ਹੱਕ ਵੀ ਹਾਸਲ ਕਰ ਲਿਆ ਹੈ। ਨਿਯਮਾਂ ਮੁਤਾਬਕ, ਲੜੀ ਬਰਾਬਰੀ ’ਤੇ ਰਹਿਣ ਮਗਰੋਂ ਬਾਰਡਰ-ਗਾਵਸਕਰ ਟਰਾਫੀ ਪਿਛਲੀ ਲੜੀ ਜਿੱਤਣ ਵਾਲੀ ਟੀਮ ਨੂੰ ਸੌਂਪੀ ਜਾਂਦੀ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਅੱਜ ਦੂਜੀ ਪਾਰੀ ਵਿੱਚ ਸਿਰਫ਼ 52 ਦੌੜਾਂ ਹੋਰ ਬਣਾਉਂਦਿਆਂ ਆਪਣੀਆਂ ਬਾਕੀ ਬਚੀਆਂ ਨੌਂ ਵਿਕਟਾਂ ਗੁਆ ਲਈਆਂ।