ਓਟਵਾ, 8 ਜਨਵਰੀ  : ਆਪਣੀ ਅਗਵਾਈ ਵਿੱਚ ਪਾਰਟੀ ਦੀ ਸਥਿਤੀ ਤੇ ਪਾਰਲੀਆਮੈਂਟ ਵਿੱਚ ਸੀਟ ਜਿੱਤਣ ਦੀ ਕਾਬਲੀਅਤ ਉੱਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਆਖਿਆ ਕਿ 2019 ਦੀ ਚੋਣ ਮੁਹਿੰਮ ਵਿੱਚ ਐਨਡੀਪੀ ਦੀ ਅਗਵਾਈ ਉਹ ਆਪ ਹੀ ਕਰਨਗੇ। 
ਆਪਣੇ ਨਵੇਂ ਕੈਂਪੇਨ ਹੈੱਡਕੁਆਰਟਰਜ਼ ਤੋਂ ਸੋਮਵਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ 2019 ਦੀਆਂ ਚੋਣਾਂ ਵਿੱਚ ਐਨਡੀਪੀ ਦੀ ਕਮਾਨ ਉਹ ਆਪ ਸਾਂਭਣਗੇ। ਜਗਮੀਤ ਸਿੰਘ ਅਕਤੂਬਰ 2017 ਤੋਂ ਫੈਡਰਲ ਐਨਡੀਪੀ ਦੇ ਲੀਡਰ ਹਨ ਤੇ ਅਗਲੀਆਂ ਚੋਣਾਂ ਨੂੰ ਹੁਣ ਜਦੋਂ ਨੌਂ ਮਹੀਨੇ ਦਾ ਸਮਾਂ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਫੰਡਰੇਜਿ਼ੰਗ ਅਤੇ ਚੋਣਾਂ ਵਿੱਚ ਸਮਰਥਨ ਦੇ ਮਾਮਲੇ ਵਿੱਚ ਐਨਡੀਪੀ ਲਿਬਰਲਾਂ ਤੇ ਕੰਜ਼ਰਵੇਟਿਵਾਂ ਤੋਂ ਕਾਫੀ ਪਿੱਛੇ ਚੱਲ ਰਹੀ ਹੈ। ਇਸ ਤੋਂ ਇਲਾਵਾ ਆਉਣ ਵਾਲੀ ਜਿ਼ਮਨੀ ਚੋਣ ਵਿੱਚ ਜਗਮੀਤ ਸਿੰਘ ਜਿੱਤ ਸਕਣਗੇ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਜਗਮੀਤ ਸਿੰਘ ਚੁਣੇ ਨਾ ਗਏ ਤਾਂ ਪਾਰਟੀ ਨਾਲ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ?
ਇੱਥੇ ਦੱਸਣਾ ਬਣਦਾ ਹੈ ਕਿ ਵੀਕੈਂਡ ਉੱਤੇ ਜਗਮੀਤ ਸਿੰਘ ਨੇ ਇਸ ਆਸ ਨਾਲ ਬਰਨਾਬੀ ਸਾਊਥ, ਬੀਸੀ ਕੈਂਪੇਨ ਆਫਿਸ ਵਿਖੇ ਵਾਲੰਟੀਅਰਜ਼ ਨਾਲ ਮੁਲਾਕਾਤ ਕੀਤੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਲਦ ਹੀ ਉਨ੍ਹਾਂ ਦੇ ਹਲਕੇ ਦੇ ਨਾਲ ਨਾਲ ਕੈਨੇਡਾ ਭਰ ਵਿੱਚ ਖਾਲੀ ਹਲਕਿਆਂ ਲਈ ਜਿ਼ਮਨੀ ਚੋਣਾਂ ਦਾ ਐਲਾਨ ਕਰਨਗੇ। ਆਪਣੇ ਕੈਂਪੇਨ ਸਟਾਈਲ ਭਾਸ਼ਣ ਵਿੱਚ ਜਗਮੀਤ ਸਿੰਘ ਨੇ ਆਪਣੇ ਸਮਰਥਕਾਂ ਦਰਮਿਆਨ ਟਰੂਡੋ ਤੋਂ ਜਲਦ ਤੋਂ ਜਲਦ ਜਿ਼ਮਨੀ ਚੋਣਾਂ ਦਾ ਐਲਾਨ ਕਰਨ ਦੀ ਮੰਗ ਕੀਤੀ ਤੇ ਅਜੇ ਤੱਕ ਅਜਿਹਾ ਨਾ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਦੀ ਆਲੋਚਨਾ ਵੀ ਕੀਤੀ। ਇਹ ਵੀ ਕਨਸੋਆਂ ਹਨ ਕਿ ਇਹ ਜਿ਼ਮਨੀ ਚੋਣਾਂ ਫਰਵਰੀ ਵਿੱਚ ਐਲਾਨੀਆਂ ਜਾਣਗੀਆਂ। 
ਜਗਮੀਤ ਸਿੰਘ ਨੇ ਆਖਿਆ ਕਿ ਲਿਬਰਲ ਸਰਕਾਰ ਜਿ਼ਮਨੀ ਚੋਣਾਂ ਵਿੱਚ ਦੇਰ ਬਰਨਾਬੀ ਸਾਊਥ ਦੇ ਵਸਨੀਕਾਂ ਦੇ ਹਿਤ ਲਈ ਜਾਂ ਕੈਨੇਡੀਅਨਾਂ ਦੇ ਹਿਤ ਲਈ ਨਹੀਂ ਸਗੋਂ ਆਪਣੇ ਸੌੜੇ ਸਿਆਸੀ ਹਿਤਾਂ ਲਈ ਕਰ ਰਹੀ ਹੈ ਜੋ ਕਿ ਕਾਫੀ ਨਿਰਾਸ਼ਾਜਨਕ ਫੈਸਲਾ ਹੈ। ਬਰਨਾਬੀ ਸਾਊਥ ਦੀ ਇਹ ਸੀਟ ਸਤੰਬਰ ਦੇ ਮੱਧ ਤੋਂ ਉਸ ਸਮੇਂ ਤੋਂ ਖਾਲੀ ਹੈ ਜਦੋਂ ਐਨਡੀਪੀ ਐਮਪੀ ਕੈਨੇਡੀ ਸਟੀਵਾਰਟ ਨੇ ਆਪਣੀ ਸੀਟ ਤੋਂ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਹਿੱਸਾ ਲੈਣ ਲਈ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਵਿੱਚ ਵੈਨਕੂਵਰ ਦੇ ਮੇਅਰ ਬਣ ਗਏ ਸਨ। ਜਿ਼ਕਰਯੋਗ ਹੈ ਕਿ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਬਰੈਂਪਟਨ, ਓਨਟਾਰੀਓ ਤੋਂ ਪਿੱਛੇ ਜਿਹੇ ਹੀ ਵੈਨਕੂਵਰ ਦੇ ਸਬਅਰਬ ਬਰਨਾਬੀ ਸਿ਼ਫਟ ਹੋਏ ਹਨ।