ਓਟਵਾ, 21 ਜੂਨ : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਤੋਂ ਸਰ੍ਹੀ, ਬੀਸੀ ਵਿੱਚ ਰਹਿਣ ਵਾਲੇ ਸਿੱਖ ਕਮਿਊਨਿਟੀ ਦੇ ਉੱਘੇ ਮੈਂਬਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਰਿਪੋਰਟਾਂ ਵੀ ਮਿਲੀਆਂ ਹਨ ਕਿ ਕੁੱਝ ਸਮਾਂ ਪਹਿਲਾਂ ਨਿੱਜਰ ਨੂੰ ਕੈਨੇਡੀਅਨ ਇੰਟੈਲੀਜੈਂਸ ਅਧਿਕਾਰੀਆਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਦੀ ਜਿ਼ੰਦਗੀ ਖਤਰੇ ਵਿੱਚ ਹੈ।
ਕੈਨੇਡਾ ਦੇ ਸੱਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਨਿੱਜਰ ਪ੍ਰਧਾਨ ਸੀ। ਐਤਵਾਰ ਸ਼ਾਮ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਉਸ ਦੀ ਗੱਡੀ ਵਿੱਚ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।ਜਗਮੀਤ ਸਿੰਘ ਨੇ ਮੈਂਡੀਸਿਨੋ ਨੂੰ ਮੰਗਲਵਾਰ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਹ ਆਖਿਆ ਕਿ ਇਸ ਹਿੰਸਕ ਘਟਨਾ ਤੋਂ ਬਾਅਦ ਸਿੱਖ ਕਮਿਊਨਿਟੀ ਪਹਿਲਾਂ ਨਾਲੋਂ ਵੀ ਚਿੰਤਤ ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਪਬਲਿਕ ਸੇਫਟੀ ਮੰਤਰੀ ਹੋਣ ਨਾਤੇ ਹਰ ਕੈਨੇਡੀਅਨ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੀ ਜਿੰ਼ਮੇਵਾਰੀ ਤੁਹਾਡੀ ਹੈ ਤੇ ਇਸ ਲਈ ਜੋ ਬਣਦਾ ਹੈ ਉਹ ਤੁਹਾਨੂੰ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਿੱਜਰ ਦੇ ਕਤਲ ਦੀ ਜਾਂਚ ਕਰਵਾਈ ਜਾਵੇ ਤੇ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਏ ਦੋਸ਼ਾਂ ਦੀ ਵੀ ਤਹਿ ਤੱਕ ਜਾਇਆ ਜਾਵੇ। ਮੰਗਲਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਨਿਊ ਯੌਰਕ ਸਥਿਤ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਆਖਿਆ ਕਿ ਨਿੱਜਰ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਉਸ ਨਾਲ ਗੱਲ ਕੀਤੀ ਸੀ। ਪੰਨੂ ਦੇ ਹਵਾਲੇ ਨਾਲ ਕੈਨੇਡੀਅਨ ਪ੍ਰੈੱਸ ਨੇ ਇਹ ਰਿਪੋਰਟ ਕੀਤਾ ਕਿ ਨਿੱਜਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਵੱਖਰਾ ਸਿੱਖ ਸਟੇਟ ਹਾਸਲ ਕਰਨ ਲਈ ਰਾਇਸ਼ੁਮਾਰੀ ਉੱਤੇ ਵੋਟ ਕਰਵਾਉਣ ਦਾ ਪ੍ਰਬੰਧ ਕਰ ਰਿਹਾ ਹੈ। ਪਰ ਉਸ ਦੀ ਸੇਫਟੀ ਨੂੰ ਖਤਰਾ ਹੈ ਤੇ ਇਹ ਵੀ ਕਿ ਭਾਰਤ ਸਰਕਾਰ ਨੇ ਨਿੱਜਰ ਦੀ ਗ੍ਰਿਫਤਾਰੀ ਲਈ ਇਨਾਮ ਰੱਖਿਆ ਹੋਇਆ ਹੈ।
ਪੰਨੂ ਅਨੁਸਾਰ ਨਿੱਜਰ ਨੇ ਉਸ ਨੂੰ ਆਖਿਆ ਕਿ ਗੈਂਗਸਟਰਜ਼ ਨੇ ਉਸ ਨੂੰ ਦੱਸਿਆ ਹੈ ਕਿ ਉਹ ਦੋਵੇਂ ਹੀ ਹਿੱਟ ਲਿਸਟ ਉੱਤੇ ਹਨ। ਨਿੱਜਰ ਨੇ ਇਹ ਵੀ ਆਖਿਆ ਕਿ ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸ ਨੇ ਵੀ ਉਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ ਜਾਨੋਂ ਮਾਰਿਆ ਜਾ ਸਕਦਾ ਹੈ। ਇਸ ਸਬੰਧੀ ਮੈਂਡੀਸਿਨੋ ਦੇ ਆਫਿਸ ਤੱਕ ਟਿੱਪਣੀ ਲਈ ਪਹੁੰਚ ਕੀਤੀ ਗਈ ਪਰ ਉੱਧਰੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ।