ਬਰੈਂਪਟਨ—ਓਨਟਾਰੀਓ ‘ਚ 7 ਜੂਨ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਥੋ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਇਕ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ‘ਤੇ ਵੀ ਤਿੱਖੇ ਸਿਆਸੀ ਵਾਰ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਬੀਤੀ ਸ਼ਾਮ ਬਰੈਂਪਟਨ ਵਿਖੇ ਕੀਤੀ ਗਈ ਇਕ ਰੈਲੀ ਦੌਰਾਨ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਐੱਨ.ਡੀ.ਪੀ. ਪ੍ਰੋਵਿੰਸ ਨੇਤਾ ਐਂਡਰੀਆ ਹੋਰਵਥ ਦੀ ਰੈਲੀ ‘ਚ ਸ਼ਿਕਰਤ ਕੀਤੀ ਗਈ।

ਇਸ ਮੌਕੇ ਅਡਵਾਂਸ ਬੁਲੇਵਾਰਡ ਸਥਿਤ ਬੋਂਬੇ ਪੈਲੇਸ ‘ਚ ਵੱਡੀ ਗਿਣਤੀ ‘ਚ ਪਾਰਟੀ ਸਮਰਥਕ ਇਕੱਠੇ ਹੋਏ ਜਿਨ੍ਹਾਂ ਨੂੰ ਸਬੋਧਨ ਕਰਦਿਆਂ ਹੋਰਵਥ ਨੇ ਕਿਹਾ ਕਿ ਹੁਣ ਪ੍ਰੋਵਿੰਸ ‘ਚ ਵੱਡੀ ਤਬਦੀਲੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਓਨਟਾਰੀਓ ਦੇ ਲੋਕਾਂ ਲਈ ਦਵਾਈ ਅਤੇ ਡੈਂਟਲ ਕਵਰੇਜ਼ ਸੰਭਵ ਹੈ ਤੇ ਛੇਤੀ ਹੈ ਅਸੀਂ ਆਪਣੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਹੈਲਥ ਕੇਅਰ ਦੀ ਸਹੂਲਤ ਦੇਣ ਜਾ ਰਹੇ ਹਾਂ।

ਅਸੀਂ ਇਸ ਨੂੰ ਲੋਕਾਂ ਲਈ ਹੋਰ ਕਫਾਇਤੀ ਬਣਾਵਾਂਗੇ। ਇਸ ਦੌਰਾਨ ਉਨ੍ਹਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਡਰ ਫੋਰਡ ‘ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਡਗ ਫੋਰਡ ਦੀਆਂ ਨੀਤੀਆਂ ਲੋਕਾਂ ਲਈ ਨੁਕਸਾਨਦਾਈ ਹਨ। ਉਹ ਹੈਲਥ ਕੇਅਰ ‘ਚੋਂ ਅਰਬਾਂ ਡਾਲਰ ਦੀ ਕਟੌਤੀ ਕਰ ਕੇ ਅਮੀਰਾਂ ਨੂੰ ਟੈਕਸ ‘ਚ ਲਾਭ ਪਹੁੰਚਾਉਣਾ ਚਾਹੁੰਦੇ ਹਨ, ਜਿਸ ਦਾ ਆਮ ਆਦਮੀ ‘ਤੇ ਟੈਕਸਾਂ ਦਾ ਬੋਝ ਵਧੇਗਾ।

ਦੱਸਣਯੋਗ ਹੈ ਕਿ ਇਸ ਵਾਰ ਚੋਣਾਂ ‘ਚ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਸ਼ੁਰੂ ਤੋਂ ਵਿਵਾਦਾਂ ‘ਚ ਰਹੀ ਹੈ। ਚਾਹੇ ਪਹਿਲਾਂ ਪਾਰਟੀ ਆਗੂ ਐਂਡਰਿਊ ਸ਼ੀਰ ਦਾ ਵਿਵਾਦਾਂ ‘ਚ ਫਸਣਾ ਹੋਵੇ ਜਾਂ ਫਿਰ ਬਾਅਦ ‘ਚ ਪਾਰਟੀ ਦੇ ਉਮੀਦਵਾਰਾਂ ਦਾ ਕਿਸੇ ਨਾ ਕਿਸੇ ਵਿਵਾਦ ‘ਚ ਘਿਰਾਨਾ। ਹਾਲ ਹੀ ‘ਚ ਪਾਰਟੀ ਦੇ 7 ਉਮੀਦਵਾਰ ਵੀ ਵਿਵਾਦਾਂ ‘ਚ ਘਿਰਨ ਕਾਰਨ ਸੁਰਖੀਆਂ ‘ਚ ਛਾਏ ਰਹੇ। ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਪਾਰਟੀ ਓਨਟਾਰੀਓ ਦੇ ਲੋਕਾਂ ਨੂੰ ਰਿਝਾਉਣ ‘ਚ ਕਾਮਯਾਬ ਹੁੰਦੀ ਹੈ। ਹਾਲਾਂਕਿ ਹਕੀਕਤ ਇਹ ਵੀ ਹੈ ਕਿ ਓਨਟਾਰੀਓ ਵਾਸੀ ਹਮੇਸ਼ਾ ਆਪਣੀ ਦਿਲ ਦੀ ਸੁਣਦੇ ਹਨ ਤੇ ਸਹੀ ਉਮੀਦਵਾਰ ਨੂੰ ਵੋਟਾਂ ਦਿੰਦੇ ਹਨ।