ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ ਸੱਤਾਧਾਰੀ ਲਿਬਰਲ ਪਾਰਟੀ ਦੇ ਲਗਭਗ ਇੱਕ ਤਿਹਾਈ ਸੰਸਦ ਮੈਂਬਰ ਲੀਡਰਸ਼ਿਪ ਬਦਲਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਹੁਣ ਦੂਜੇ ਪਾਸੇ ਉਨ੍ਹਾਂ ਦੀ ਭਾਈਵਾਲ ਪਾਰਟੀ ਨੇ ਵੀ ਦੂਰੀ ਬਣਾ ਲਈ ਹੈ।

ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮੁਖੀ ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣਗੇ। ਸੰਸਦ ਦੇ ਹੇਠਲੇ ਸਦਨ ਵਿੱਚ ਐਨਡੀਪੀ ਦੇ 25 ਮੈਂਬਰ ਹਨ। 338 ਮੈਂਬਰਾਂ ਵਿਚੋਂ ਲਿਬਰਲ ਪਾਰਟੀ ਦੇ 153 ਮੈਂਬਰ ਹਨ। ਜਗਮੀਤ ਦੀ ਪਾਰਟੀ ਨੇ ਹਾਲ ਹੀ ਵਿਚ ਸਦਨ ਵਿਚ ਕਈ ਵਿਸ਼ਵਾਸ ਮੱਤ ਵਿਚ ਘੱਟ ਗਿਣਤੀ ਲਿਬਰਲ ਪਾਰਟੀ ਦਾ ਸਮਰਥਨ ਕੀਤਾ ਹੈ। ਜਗਮੀਤ ਸਿੰਘ ਨੇ ਇਕ ਖੁੱਲ੍ਹੇ ਪੱਤਰ ਵਿਚ ਇਹ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਘੱਟਗਿਣਤੀ ਲਿਬਰਲ ਸਰਕਾਰ ਵਿਰੁੱਧ ਵੋਟ ਪਾਉਂਦੀਆਂ ਹਨ, ਤਾਂ ਟਰੂਡੋ ਸੱਤਾ ਗੁਆ ਦੇਣਗੇ ਅਤੇ ਚੋਣਾਂ ਕਰਵਾਈਆਂ ਜਾਣਗੀਆਂ। ਸੰਸਦ ਦਾ ਹੇਠਲਾ ਸਦਨ ​​ਹਾਊਸ ਆਫ ਕਾਮਨਜ਼ ਇਸ ਸਮੇਂ ਸਰਦੀਆਂ ਦੀਆਂ ਛੁੱਟੀਆਂ ‘ਤੇ ਹੈ ਅਤੇ ਇਸ ਦਾ ਸੈਸ਼ਨ 27 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਬੇਭਰੋਸਗੀ ਮਤਾ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਟਰੂਡੋ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕੀਤਾ ਹੈ। ਉਨ੍ਹਾਂ ਨੇ ਅੱਠ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਅਤੇ ਚਾਰ ਦੇ ਮਹਿਕਮੇ ਬਦਲੇ ਹਨ।

ਦੱਸ ਦੇਈਏ ਕਿ ਹਾਲ ਹੀ ਵਿੱਚ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਟਰੂਡੋ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ। ਹਾਊਸ ਆਫ ਕਾਮਨਜ਼ ‘ਚ ਸੱਤਾਧਾਰੀ ਪਾਰਟੀ ਦੇ 153 ਮੈਂਬਰਾਂ ‘ਚੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 60 ਦੇ ਕਰੀਬ ਹੋ ਗਈ ਹੈ।