ਟੋਰਾਂਟੋ— ਓਨਟਾਰੀਓ ਦੀ ਨਿਊ ਡੈਮੋਕ੍ਰੇਟਜ਼ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਜੂਨ ਮਹੀਨੇ ਹੋਣ ਵਾਲੀਆਂ ਸੂਬਾਈ ਚੋਣਾਂ ‘ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਹ 4,500 ਨਵੀਂਆਂ ਨਰਸਾਂ ਦੀ ਭਰਤੀ ਕਰਨਗੇ। ਵੀਰਵਾਰ ਸਵੇਰੇ ਓਨਟਾਰੀਓ ਦੀ ਐਨ.ਡੀ.ਪੀ. ਆਗੂ ਐਂਡਰੀਆ ਹੌਰਵਥ ਨੇ ਆਪਣੇ ਬਿਆਨ ‘ਚ ਕਿਹਾ ਕਿ ਪਹਿਲੇ ਸਾਲ ਐਨਡੀਪੀ ਵਲੋਂ 1.2 ਬਿਲੀਅਨ ਡਾਲਰ ਦੇ ਫੰਡ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਐਨਡੀਪੀ ਸਰਕਾਰ ਹਸਪਤਾਲਾਂ ‘ਚ ਭੀੜ ਭੜੱਕਾ ਖਤਮ ਕਰਨ ਵਾਸਤੇ 2000 ਨਵੇਂ ਬੈੱਡਜ਼ ਖੋਲ੍ਹੇਗੀ। ਉਨ੍ਹਾਂ ਆਖਿਆ ਕਿ 2015 ਤੋਂ ਵਿੰਨ ਨੇ 1600 ਨਰਸਾਂ ਦੀ ਛਾਂਗੀ ਕੀਤੀ ਹੈ। ਮੌਕਾ ਮਿਲਣ ਉਪਰੰਤ ਫੋਰਡ ਹਾਲਾਤ ਨੂੰ ਹੋਰ ਬਦਤਰ ਹੀ ਕਰਨਗੇ। ਪਰ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵਧੇਰੇ ਨਰਸਾਂ ਦਾ ਮਤਲਬ ਸਾਰਿਆਂ ਲਈ ਬਿਹਤਰ ਹੈਲਥ ਕੇਅਰ ਹੋਵੇਗਾ।
ਇਹ ਵਾਧੂ ਨਰਸਾਂ ਭਰਤੀ ਕਰਨ ਦੀ ਹੌਰਵਥ ਦੀ ਯੋਜਨਾ ਅਸਲ ‘ਚ ਓਨਟਾਰੀਓ ਦੇ ਹਸਪਤਾਲਾਂ ‘ਚ ਹਾਲਵੇਅ ਮੈਡੀਸਨ ਸੰਕਟ ਨੂੰ ਖਤਮ ਕਰਨ ਲਈ ਤਿਆਰ ਕੀਤੀ ਗਈ ਹੈ। ਹੌਰਵਥ ਮੁਤਾਬਕ ਇਸ ਤੋਂ ਪਹਿਲੀਆਂ ਕੰਜ਼ਰਵੇਟਿਵ ਤੇ ਲਿਬਰਲ ਸਰਕਾਰਾਂ ਵਲੋਂ ਇਸ ਪਾਸੇ ਪੂਰੇ ਫੰਡ ਨਾ ਦੇਣ ਕਾਰਨ ਹੀ ਇਸ ਸਮੱਸਿਆ ‘ਚ ਐਨਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਓਨਟਾਰੀਓ ਵਾਸੀਆਂ ਨੂੰ ਆਪਣੇ ਹੈਲਥ ਕੇਅਰ ਸਿਸਟਮ ‘ਤੇ ਮਾਣ ਹੋਣਾ ਚਾਹੀਦਾ ਹੈ। ਸਾਡੀਆਂ ਕੈਨੇਡੀਅਨ ਕਦਰਾਂ ਕੀਮਤਾਂ ਵਾਲੇ ਸਿਸਟਮ ਦਾ ਹਿੱਸਾ ਹੈ ਕਿ ਅਸੀਂ ਕ੍ਰੈਡਿਟ ਕਾਰਡ ਨਾਲ ਨਹੀਂ ਸਗੋਂ ਓ.ਐਚ.ਆਈ.ਪੀ. ਕਾਰਡ ਨਾਲ ਹਰੇਕ ਦੀ ਸਾਂਭ ਸੰਭਾਲ ਕਰਨ ‘ਚ ਯਕੀਨ ਕਰਦੇ ਹਾਂ। ਪਰ ਪਿਛਲੇ 15 ਸਾਲਾਂ ‘ਚ ਵਿੰਨ ਸਰਕਾਰ ਨੇ ਹਸਪਤਾਲਾਂ ਦੇ ਬਜਟ ਜਾਂ ਤਾਂ ਮਾਮੂਲੀ ਹੀ ਰਹਿਣ ਦਿੱਤੇ ਹਨ ਤੇ ਜਾਂ ਫਿਰ ਉਨ੍ਹਾਂ ‘ਚ ਕਟੌਤੀ ਕਰ ਦਿੱਤੀ ਹੈ। ਇਸ ਨਾਲ ਕੰਮ ਕਰਨ ਲਈ ਲੋੜੀਂਦੇ ਵਸੀਲਿਆਂ ਤੋਂ ਬਿਨਾਂ ਹੀ ਫਰੰਟਲਾਈਨ ਸਟਾਫ ਨੂੰ ਬੁੱਤਾ ਸਾਰਨਾ ਪੈ ਰਿਹਾ ਹੈ। ਹਸਪਤਾਲਾਂ ‘ਚ ਆਪਣੀ ਵਾਰੀ ਦੀ ਉਡੀਕ ਦਾ ਸਮਾਂ ਵਧ ਗਿਆ ਹੈ ਤੇ ਹਸਪਤਾਲ ਆਪਣੀ ਸਮਰਥਾ ਤੋਂ ਵੀ ਜ਼ਿਆਦਾ ਭਰੇ ਹੋਏ ਹਨ।