ਬਠਿੰਡਾ, 5 ਜਨਵਰੀ
ਪੰਜਾਬ ਪੁਲੀਸ ਦੇ ਬਰਖ਼ਾਸਤ ਡੀਐੱਸਪੀ ਜਗਦੀਸ਼ ਭੋਲਾ ਨੂੰ ਅੱਜ ਐਨਡੀਪੀਐੱਸ ਐਕਟ ਤਹਿਤ ਦਰਜ ਦੋ ਕੇਸਾਂ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਵਧੀਕ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਵਿੱਚ ਆਪਣੀ ਗਵਾਹੀ ਕਲਮਬੰਦ ਕਰਵਾਈ। ਜਗਦੀਸ਼ ਭੋਲਾ ਖ਼ਿਲਾਫ਼ ਥਾਣਾ ਫੂਲ ਵਿੱਚ ਐਨਡੀਪੀਐੱਸ ਐਕਟ ਤਹਿਤ ਦੋ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਇਕ ਕੇਸ ਟਰੱਕ ਵਿੱਚੋਂ ਵੱਡੀ ਮਾਤਰਾ ’ਚ ਬਰਾਮਦ ਭੁੱਕੀ ਦਾ ਹੈ। ਇਸ ਮਾਮਲੇ ਵਿੱਚ ਮਹੇਸ਼ ਕੁਮਾਰ ਤੇ ਕੇਵਲ ਕ੍ਰਿਸ਼ਨ ਨੂੰ ਪੁਲੀਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਦੇ ਦਾਅਵੇ ਮੁਤਾਬਿਕ ਜਗਦੀਸ਼ ਭੋਲਾ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਹਾਲਾਂਕਿ ਬਾਅਦ ਵਿੱਚ 13 ਜੁਲਾਈ 2005 ਨੂੰ ਬਠਿੰਡਾ ਦੀ ਅਦਾਲਤ ਨੇ ਜਗਦੀਸ਼ ਭੋਲਾ ਨੂੰ ਦੋਵਾਂ ਕੇਸਾਂ ਵਿੱਚ ਬਰੀ ਕਰ ਦਿੱਤਾ ਸੀ ਤੇ ਬਾਕੀ ਪੰਜ ਮੁਲਜ਼ਮਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਜਗਦੀਸ਼ ਭੋਲਾ ਨੇ ਤਤਕਾਲੀ ਡੀਐੱਸਪੀ ਜਗਜੀਤ ਸਿੰਘ ਗਿੱਲ (ਹੁਣ ਸੇਵਾਮੁਕਤ) ਅਤੇ ਸਬ ਇੰਸਪੈਕਟਰ ਗੁਰਦੀਪ ਸਿੰਘ (ਹੁਣ ਡੀਐੱਸਪੀ) ਨੂੰ ਝੂਠੇ ਕੇਸ ਵਿੱਚ ਫ਼ਸਾਉਣ ਲਈ ਜ਼ਿੰਮੇਵਾਰ ਠਹਿਰਾਇਆ ਸੀ। ਅਦਾਲਤ ਨੇ ਭੋਲੇ ਦੀ ਗਵਾਹੀ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ ਤੈਅ ਕੀਤੀ ਹੈ।