ਜਲੰਧਰ, 26 ਜਨਵਰੀ
ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਰਾਜਾ ਨੂੰ ਜਲੰਧਰ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ। ਅੱਜ ਨਗਰ ਨਿਗਮ ਦੇ ਦਫ਼ਤਰ ਹੋਈ ਚੋਣ ’ਚ ਸੁਰਿੰਦਰ ਕੌਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਰਸਿਮਰਨਜੀਤ ਸਿੰਘ ਬੰਟੀ ਨੂੰ ਡਿਪਟੀ ਮੇਅਰ ਚੁਣਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਗਏ ਲਿਫਾਫੇ ਵਿਚੋਂ ਇਹ ਤਿੰਨੇ ਆਗੂਆਂ ਦੇ ਨਾਂ ਇਨ੍ਹਾਂ ਅਹੁਦਿਆਂ ਵਾਸਤੇ ਨਿਕਲੇ ਸਨ। ਇਸ ਮੀਟਿੰਗ ਵਿਚ ਕਾਂਗਰਸ ਦੇ ਸਾਰੇ ਵਿਧਾਇਕ ਹਾਜ਼ਰ ਸਨ, ਜਿਨ੍ਹਾਂ ਵਿਚ ਜਲੰਧਰ ਛਾਉਣੀ ਤੋਂ ਪਰਗਟ ਸਿੰਘ, ਜਲੰਧਰ ਕੇਂਦਰੀ ਤੋਂ ਰਜਿੰਦਰ ਬੇਰੀ, ਜਲੰਧਰ ਉੱਤਰੀ ਤੋਂ ਬਾਵਾ ਹੈਨਰੀ, ਜਲੰਧਰ ਪੱਛਮੀ ਤੋਂ ਸੁਸ਼ੀਲ ਰਿੰਕੂ ਅਤੇ ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ ਸ਼ਾਮਲ ਹਨ।
ਨਗਰ ਨਿਗਮ ਦੇ ਨਵੇਂ ਬਣੇ ਹਾਊਸ ਲਈ 80 ਕੌਂਸਲਰਾਂ ਵਿਚੋਂ 65 ਕੌਂਸਲਰ ਕਾਂਗਰਸ ਦੇ ਹਨ। ਇਨ੍ਹਾਂ ਵਿਚ 44 ਮਹਿਲਾ ਕੌਂਸਲਰ ਹਨ ਅਤੇ 36 ਪੁਰਸ਼ ਕੌਂਸਲਰ ਹਨ। ਬਾਅਦ ਦੁਪਹਿਰ ਸਵਾ 12 ਵਜੇ ਦੇ ਕਰੀਬ ਸ਼ੁਰੂ ਹੋਈ ਮੀਟਿੰਗ ’ਚ ਸਭ ਤੋਂ ਪਹਿਲਾਂ ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ। ਉਸ ਤੋਂ ਬਾਅਦ ਚਾਰ ਵਾਰ ਕੌਂਸਲਰ ਚੁਣੇ ਗਏ ਬਲਰਾਜ ਠਾਕਰ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ।
ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਮੇਅਰ ਦੇ ਅਹੁਦੇ ਲਈ ਜਗਦੀਸ਼ ਰਾਜਾ ਦਾ ਨਾਂ ਪੇਸ਼ ਕੀਤਾ ਅਤੇ ਇਸ ਦੀ ਤਾਈਦ ਕੌਂਸਲਰ ਜਗਦੀਸ਼ ਕੁਮਾਰ ਦਕੋਹਾ ਨੇ ਕੀਤੀ। ਸੀਨੀਅਰ ਡਿਪਟੀ ਮੇਅਰ ਲਈ ਸੁਰਿੰਦਰ ਕੌਰ ਦਾ ਨਾਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪੇਸ਼ ਕੀਤਾ, ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਹਰਸਿਮਰਨਜੀਤ ਸਿੰਘ ਬੰਟੀ ਦਾ ਨਾਂ ਵਿਧਾਇਕ ਸੁਸ਼ੀਲ ਰਿੰਕੂ ਨੇ ਪੇਸ਼ ਕੀਤਾ। ਕਾਂਗਰਸ ਨੇ ਇਨ੍ਹਾਂ ਅਹੁਦਿਆਂ ਲਈ ਜਾਤੀ ਸਮੀਕਰਨ ਨੂੰ ਵੀ ਧਿਆਨ ਵਿਚ ਰੱਖਿਆ। ਜਨਰਲ ਸ਼੍ਰੇਣੀ ’ਚ ਆਉਂਦੇ ਜਗਦੀਸ਼ ਰਾਜਾ ਤੋਂ ਬਾਅਦ ਰਾਖਵੀਂ ਸ਼੍ਰੇਣੀ ਵਿਚੋਂ ਸੁਰਿੰਦਰ ਕੌਰ ਦੀ ਚੋਣ ਕੀਤੀ ਗਈ ਅਤੇ ਸਿੱਖ ਚਿਹਰੇ ਵਜੋਂ ਹਰਸਿਮਰਨਜੀਤ ਸਿੰਘ ਬੰਟੀ  ਨੂੰ ਡਿਪਟੀ ਮੇਅਰ ਲਈ ਚੁਣਿਆ ਗਿਆ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਹਿੱਸੇ ਆਏ ਹਨ।