ਪੁਰਸ਼ ਵਰਗ ਵਿੱਚ ਮਹਾਂਰਾਸ਼ਟਰ ਜੇਤੂ, ਪੰਜਾਬ ਉਪ ਜੇਤੂ ਤੇ ਤਾਮਿਲਨਾਡੂ ਤੀਜੇ ਸਥਾਨ ‘ਤੇ
• ਮਹਿਲਾ ਵਰਗ ਵਿੱਚ ਮਹਾਂਰਾਸ਼ਟਰ ਜੇਤੂ, ਤਾਮਿਲਨਾਡੂ ਉਪ ਜੇਤੂ ਤੇ ਕਰਨਾਟਕਾ ਤੀਜੇ ਸਥਾਨ ‘ਤੇ
• ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ
ਐਸ.ਏ.ਐਸ. ਨਗਰ (ਮੁਹਾਲੀ), 29 ਜੂਨ
ਇਥੇ ਸੰਪੰਨ ਹੋਈ ਛੇਵੀਂ ਕੌਮੀ ਵਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਅੱਜ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਦੋਵੇਂ ਫਾਈਨਲ ਮੁਕਾਬਲਿਆਂ ਵਿੱਚ ਮਹਾਂਰਾਸ਼ਟਰ ਜੇਤੂ ਬਣਿਆ। ਪੁਰਸ਼ ਵਰਗ ਵਿੱਚ ਪੰਜਾਬ ਅਤੇ ਮਹਿਲਾ ਵਰਗ ਵਿੱਚ ਤਾਮਿਲਨਾਡੂ ਉਪ ਜੇਤੂ ਰਿਹਾ ਜਦੋਂ ਕਿ ਪੁਰਸ਼ ਵਰਗ ਵਿੱਚ ਤਾਮਿਲਨਾਡੂ ਅਤੇ ਮਹਿਲਾ ਵਰਗ ਵਿੱਚ ਕਰਨਾਟਕਾ ਤੀਜੇ ਸਥਾਨ ਉਤੇ ਰਿਹਾ। ਇਥੋਂ ਦੇ ਸੈਕਟਰ 78 ਸਥਿਤ ਮਲਟੀਪਰਪਜ਼ ਸਟੇਡੀਅਮ ਵਿਖੇ ਵਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਛੇ ਰੋਜ਼ਾ ਚੈਂਪੀਅਨਸ਼ਿਪ ਦੇ ਅੱਜ ਸਮਾਮਤੀ ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਖੇਡ ਮੰਤਰੀ ਸ੍ਰੀ ਕਿਰਨ ਰਿਜੀਜੂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਪੁਰਸ਼ ਵਰਗ ਦੇ ਫਾਈਨਲ ਵਿੱਚ ਮਹਾਂਰਾਸ਼ਟਰ ਨੇ ਪੰਜਾਬ ਨੂੰ 64-52 ਨਾਲ ਹਰਾਇਆ। ਇਹ ਮਹਾਰਾਸ਼ਟਰ ਦਾ ਲਗਾਤਾਰ ਛੇਵਾਂ ਖਿਤਾਬ ਹੈ। ਪੰਜਾਬ ਪਿਛਲੀ ਵਾਰ ਤੀਜੇ ਸਥਾਨ ‘ਤੇ ਰਿਹਾ ਸੀ ਜਦੋਂ ਕਿ ਇਸ ਵਾਰ ਇਕ ਸਥਾਨ ਉਪਰ ਆਉਂਦਾ ਹੋਇਆ ਉਪ ਜੇਤੂ ਰਿਹਾ। ਤੀਜੇ ਸਥਾਨ ਵਾਲੇ ਮੈਚ ਵਿੱਚ ਤਾਮਿਲਨਾਡੂ ਨੇ ਤੇਲੰਗਾਨਾ ਨੂੰ 42-20 ਨਾਲ ਹਰਾਇਆ। ਮਹਿਲਾ ਵਰਗ ਦੇ ਫਾਈਨਲ ਵਿੱਚ ਵੀ ਮਹਾਂਰਾਸ਼ਟਰ ਜੇਤੂ ਰਿਹਾ ਜਿਸ ਨੇ ਤਾਮਿਲਨਾਡੂ ਨੂੰ 25-14 ਨਾਲ ਹਰਾਇਆ। ਮਹਿਲਾ ਵਰਗ ਵਿੱਚ ਮਹਾਂਰਾਸ਼ਟਰ ਦਾ ਇਹ ਤੀਜਾ ਖਿਤਾਬ ਹੈ। ਤੀਜੇ ਸਥਾਨ ਵਾਲੇ ਮੈਚ ਵਿੱਚ ਕੇਰਲਾ ਨੇ ਉਡੀਸ਼ਾ ਨੂੰ 20-6 ਨਾਲ ਹਰਾਇਆ।
ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਡ ਮੰਤਰੀ ਸ੍ਰੀ ਰਿਜੀਜੂ ਨੇ ਇਸ ਚੈਂਪੀਅਨਸ਼ਿਪ ਨੂੰ ਸਫਲਾਤਪੂਰਵਕ ਕਰਵਾਉਣ ਲਈ ਐਸੋਸੀਏਸ਼ਨ ਅਤੇ ਪੰਜਾਬ ਖੇਡ ਵਿਭਾਗ ਨੂੰ ਵਧਾਈ ਦਿੱਤੀ। ਉਨ•ਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਦੂਜੀਆਂ ਟੀਮਾਂ ਨੂੰ ਵੀ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ•ਾਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨੂੰ ਦੇਖ ਕੇ ਉਨ•ਾਂ ਨੂੰ ਵੀ ਪ੍ਰੋਤਸਾਹਨ ਅਤੇ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਨ•ਾਂ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਪੈਰਾਲੰਪਿਕ ਖੇਡ ਕਮੇਟੀਆਂ ਅਤੇ ਪੈਰਾ ਸਪੋਰਟਸ ਨਾਲ ਜੁੜੇ ਅਧਿਕਾਰੀਆਂ ਤੇ ਖਿਡਾਰੀਆਂ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਪੈਰਾ ਖਿਡਾਰੀਆਂ ਪੱਖੀ ਖੇਡ ਢਾਂਚਾ ਉਸਾਰਨ ਲਈ ਕੰਮ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਖੇਡ ਸਟੇਡੀਅਮਾਂ ਵਿੱਚ ਪੈਰਾ ਖਿਡਾਰੀਆਂ ਪੱਖੀ ਬੁਨਿਆਦੀ ਢਾਂਚਾ ਉਸਾਰਨ ਉਤੇ ਜ਼ੋਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਹਨ ਜਿਸ ਵਿੱਚ ਭਾਰਤ ਦੇ ਖਿਡਾਰੀਆਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਅਤੇ ਵੱਧ ਤਮਗੇ ਜਿੱਤਣ ਉਪਰ ਜ਼ੋਰ ਦਿੱਤਾ ਜਾਵੇਗਾ। ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਦੋ ਰੋਜ਼ਾ ਫੇਰੀ ਦੌਰਾਨ ਉਹ ਇਥੇ ਆਉਣ ਤੋਂ ਇਲਾਵਾ ਪਟਿਆਲਾ ਸਥਿਤ ਐਨ.ਆਈ.ਐਸ. ਦਾ ਵੀ ਦੌਰਾ ਕਰ ਕੇ ਆਏ ਹਨ ਜਿੱਥੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।
ਪੰਜਾਬ ਦੇ ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਕੇਂਦਰੀ ਖੇਡ ਮੰਤਰੀ ਦਾ ਪੰਜਾਬ ਆਉਣ ‘ਤੇ ਸਵਾਗਤ ਕਰਦਿਆਂ ਫੈਡਰੇਸ਼ਨ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ•ਾਂ ਨੇ ਕੌਮੀ ਚੈਂਪੀਅਨਸ਼ਿਪ ਕਰਵਾਉਣ ਲਈ ਪੰਜਾਬ ਨੂੰ ਚੁਣਿਆ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਪੱਖੀ ਖੇਡ ਨੀਤੀ ਬਣਾਈ ਗਈ ਹੈ ਅਤੇ ਪੰਜਾਬ ਦੀ ਖੇਡ ਨੀਤੀ ਵਿੱਚ ਪੈਰਾ ਸਪੋਰਟਸ ਦੇ ਖਿਡਾਰੀਆਂ ਨੂੰ ਦੂਜੇ ਖਿਡਾਰੀਆਂ ਦੇ ਬਰਾਬਰ ਰੱਖਦਿਆਂ ਬਰਾਬਰ ਸਹੂਲਤਾਂ ਅਤੇ ਪ੍ਰੋਤਸਾਹਨ ਰੱਖਿਆ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਵੱਲੋਂ ਆਉਂਦੇ ਸਮੇਂ ਵਿੱਚ ਵੀ ਅਜਿਹੇ ਖੇਡ ਮੁਕਾਬਲਿਆਂ ਨੂੰ ਕਰਵਾਇਆ ਜਾਵੇਗਾ।
ਵਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨ ਸ੍ਰੀਮਤੀ ਮਾਧਵੀ ਨੇ ਕੇਂਦਰੀ ਖੇਡ ਮੰਤਰੀ ਅਤੇ ਪੰਜਾਬ ਖੇਡ ਵਿਭਾਗ ਦਾ ਉਚੇਚਾ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਪੈਰਾ ਖਿਡਾਰੀਆਂ ਲਈ ਉਨ•ਾਂ ਦੀ ਪਹੁੰਚ ਵਾਲਾ ਢਾਂਚਾ ਉਸਾਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਲੋੜ ਹੈ ਕਿ ਓਲੰਪਿਕ, ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਹੋਣ ਵਾਲੇ ਪੈਰਾ ਮੁਕਾਬਲਿਆਂ ਵਿੱਚ ਵਿਅਕਤੀਗਤ ਖੇਡ ਈਵੈਂਟਾਂ ਦੇ ਨਾਲ ਪੈਰਾ ਸਪੋਰਟਸ ਦੇ ਟੀਮ ਮੁਕਾਬਲਿਆਂ ਲਈ ਵੀ ਟੀਮਾਂ ਭੇਜੀਆਂ ਜਾਣ।
ਵਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਸਕੱਤਰ ਜਨਰਲ ਸ੍ਰੀਮਤੀ ਕਲਿਆਣੀ ਰਾਜਾਰਮਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ 2014 ਵਿੱਚ 5 ਟੀਮਾਂ ਤੋਂ ਹੋਈ ਸੀ ਜਦੋਂ ਸਿਰਫ ਪੁਰਸ਼ ਵਰਗ ਦਾ ਮੁਕਾਬਲਾ ਹੋਇਆ ਸੀ। 2015 ਵਿੱਚ ਮਹਿਲਾ ਵਰਗ ਦੇ ਮੁਕਾਬਲੇ ਸ਼ਾਮਲ ਹੋਏ। ਹੁਣ ਛੇਵੀਂ ਚੈਂਪੀਅਨਸ਼ਿਪ ਵਿੱਚ ਟੀਮਾਂ ਦੀ ਗਿਣਤੀ 23 ਤੱਕ ਪੁੱਜ ਗਈ। ਪੁਰਸ਼ ਵਰਗ ਵਿੱਚ 23 ਅਤੇ ਮਹਿਲਾ ਵਰਗ ਵਿੱਚ 14 ਟੀਮਾਂ ਨੇ ਹਿੱਸਾ ਲਿਆ। ਉਨ•ਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚੋਂ ਭਾਰਤ ਦੀ ਟੀਮ ਚੁਣੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜੋ ਕਿ ਬਹੁਤ ਸਫਲ ਰਹੀ।
ਇਸ ਮੌਕੇ ਵੱਖ-ਵੱਖ ਟੀਮਾਂ ਵੱਲੋਂ ਹਿੱਸਾ ਲੈਣ ਆਏ ਖਿਡਾਰੀਆਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਮਿਲੀਆਂ ਸਹੂਲਤਾਂ ਅਤੇ ਮੇਜ਼ਬਾਨੀ ਉਤੇ ਤਸੱਲੀ ਪ੍ਰਗਟਾਈ ਅਤੇ ਨਾਲ ਹੀ ਆਪਣੀਆਂ ਕੁਝ ਮੰਗਾਂ ਰੱਖੀਆਂ। ਇਨ•ਾਂ ਖਿਡਾਰੀਆਂ ਵਿੱਚ ਜੰਮੂ ਕਸ਼ਮੀਰ ਤੋਂ ਵਸੀਮ, ਹਰਿਆਣਾ ਤੋਂ ਗਰਿਮਾ ਜੋਸ਼ੀ, ਮਹਾਂਰਾਸ਼ਟਰ ਤੋਂ ਨਿਸ਼ਾ ਤੇ ਮੇਘਾਲਿਆ ਤੋਂ ਲਕੀਮਾ ਸ਼ਾਮਲ ਸੀ।
ਇਸ ਮੌਕੇ ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪੀ.ਆਰ.ਸੀ. ਦੇ ਡਾਇਰੈਕਟਰ ਕਰਨਲ ਗੁਲਜੀਤ ਚੱਢਾ, ਕੌਂਗਨੀਜੈਂਟ ਆਊਟਰੀਚ ਦੇ ਗਲੋਬਲ ਹੈਡ ਸ੍ਰੀ ਦੀਪਕ ਪ੍ਰਭੂ ਮੱਟੀ, ਆਈ.ਸੀ.ਆਈ.ਸੀ.ਆਈ. ਦੇ ਜ਼ੋਨਲ ਹੈਡ ਸ੍ਰੀ ਭੁਪੇਸ਼ ਅੱਗਰਵਾਲ, ਸਪਰੋਟਸ ਅਥਾਰਟੀ ਆਫ ਇੰਡੀਆ ਦੇ ਡਿਪਟੀ ਡਾਇਰੈਕਟਰ ਜਨਰਲ ਸ੍ਰੀ ਸੰਦੀਪ ਪ੍ਰਧਾਨ ਤੇ ਡਾਇਰੈਕਟਰ (ਖੇਤਰੀ ਜ਼ੋਨ) ਸ੍ਰੀ ਅਜੀਤ ਸਿੰਘ, ਮੁਹਾਲੀ ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ, ਤਹਿਸੀਲਦਾਰ ਸੁਖਪਿੰਦਰ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ, ਖੇਡ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਪੰਜਾਬ ਸਟੇਟ ਵਹੀਲਚੇਅਰ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।