ਚੰਡੀਗੜ੍ਹ : ਪਟਿਆਲਾ ਦੇ ਐਸਐਸਪੀ ਸ਼ਰਮਾ ਨੂੰ ਅਚਾਨਕ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਚਾਹਲ ਪਟਿਆਲਾ ਦੇ ਐਸਐਸਪੀ ਦਾ ਵਾਧੂ ਚਾਰਜ ਸੰਭਾਲਣਗੇ। ਜਾਣਕਾਰੀ ਅਨੁਸਾਰ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਇਕ ਹਫ਼ਤੇ ਲਈ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। 

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਕਾਲ ਰਿਕਾਰਡਿੰਗ ਪੋਸਟ ਕੀਤੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਪਟਿਆਲਾ ਪੁਲਿਸ ਦੁਆਰਾ ਰੱਖੀ ਗਈ ਇੱਕ ਕਾਨਫਰੰਸ ਕਾਲ ਮੀਟਿੰਗ ਦੀ ਆਡੀਓ ਸੀ। ਇਸ ਆਡੀਓ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਡੀਐਸਪੀਜ਼ ਨੂੰ ਨਾਮਜ਼ਦਗੀ ਸਮੇਂ ਅਕਾਲੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਲਈ ਕਹਿ ਰਹੇ ਹਨ।

ਹਾਲਾਂਕਿ, ਪਟਿਆਲਾ ਪੁਲਿਸ ਨੇ ਇਸਨੂੰ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਇੱਕ ਫਰਜ਼ੀ ਆਡੀਓ ਕਰਾਰ ਦਿੱਤਾ ਸੀ। ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਦੇ ਮਾਮਲੇ ਵਿੱਚ ਹੀ ਐਸਐਸਪੀ ਵਰੁਣ ਸ਼ਰਮਾ ਤੇ ਗਾਜ ਡਿੱਗੀ ਹੈ।

ਦੂਜੇ ਪਾਸੇ, ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਆਪਣੀ ਕਾਰਵਾਈ ਬਾਰੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਵਾਬ ਦਾਇਰ ਕਰਨਾ ਹੈ। ਇਸ ਦੌਰਾਨ, ਕਮਿਸ਼ਨ ਹਾਈ ਕੋਰਟ ਨੂੰ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਵੇਗਾ। ਇਹ ਪਟੀਸ਼ਨ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵੱਲੋਂ ਦਾਇਰ ਕੀਤੀ ਗਈ ਸੀ।

ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚਾਰ ਦਿਨ ਬਾਕੀ ਹਨ। 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਹੀ, ਆਮ ਆਦਮੀ ਪਾਰਟੀ ਦੇ 195 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਵੋਟਿੰਗ ਐਤਵਾਰ ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ 17.12.2025 (ਬੁੱਧਵਾਰ) ਨੂੰ ਹੋਵੇਗੀ।