ਮੁਹਾਲੀ, 16 ਦਸੰਬਰ

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੂਬੇ ਵਿੱਚ ਪੰਜਾਬੀ ਫਿਲਮ ਵਿਕਾਸ ਕੌਂਸਲ ਦੀ ਸਥਾਪਨਾ ਲਈ ਕੈਬਨਿਟ ਮੀਟਿੰਗ ਵਿੱਚ ਪ੍ਰਸਤਾਵ ਲਿਆਂਦਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੰਜਾਬੀ ਕਲਾਕਾਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕਰਨ ਲਈ ਕਰਵਾਏ ਸਨਮਾਨ ਸਮਾਰੋਹ ਦੌਰਾਨ ਇਹ ਐਲਾਨ ਕੀਤਾ। ਸ੍ਰੀ ਚੰਨੀ ਨੇ ਕਿਹਾ ਕਿ ਇਸ ਸਬੰਧੀ ਪ੍ਰਸਤਾਵ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸੂਬੇ ਦੇ ਸ਼ਾਨਦਾਰ ਸੱਭਿਆਚਾਰਕ ਵਿਰਸੇ ਨੂੰ ਫਿਲਮਾਂ ਰਾਹੀਂ ਪ੍ਰਫੁੱਲਤ ਕੀਤਾ ਜਾਵੇ। ਸ਼ਾਨੇ-ਏ-ਪੰਜਾਬ ਸਮਾਗਮ ਦੌਰਾਨ ਚੰਨੀ ਨੇ ਪੰਜਾਬੀ ਗਾਇਕਾਂ ਮਰਹੂਮ ਗੁਰਮੀਤ ਬਾਵਾ ਅਤੇ ਸਰਦੂਲ ਸਿਕੰਦਰ ਨੂੰ ਸ਼ਾਨੇ-ਏ-ਪੰਜਾਬ ਸ਼ਰਧਾਂਜਲੀ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਸੰਗੀਤਕਾਰ ਚਰਨਜੀਤ ਆਹੂਜਾ ਅਤੇ ਅਦਾਕਾਰ ਗੱਗੂ ਗਿੱਲ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸਿੱਧੂ ਮੂਸੇਲਵਾਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਉਪਾਸਨਾ ਸਿੰਘ, ਸਤਿੰਦਰ ਸੱਤੀ, ਰਣਜੀਤ ਬਾਵਾ ਅਤੇ ਮਾਸਟਰ ਸਲੀਮ ਹਾਜ਼ਰ ਸਨ। ਮੁੱਖ ਮੰਤਰੀ ਨੇ ਗਿੱਪੀ ਗਰੇਵਾਲ, ਸੁਨੰਦਾ ਸ਼ਰਮਾ, ਰਣਜੀਤ ਬਾਵਾ, ਦੇਵ ਖਰੌੜ, ਗੁਰਲੇਜ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੂੰ ਵੀ ਸਨਮਾਨਿਤ ਕੀਤਾ।