ਚੰਡੀਗੜ੍ਹ, 29 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਸਲਿਆਂ ਦੇ ਹੱਲ ਲਈ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਕ ਦਿਨ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਚੰਨੀ ਨੇ ਕਿਹਾ ਕਿ ਪਾਰਟੀ ਸਭ ਤੋਂ ਉੱਪਰ ਹੈ ਅਤੇ ਸਰਕਾਰ ਪਾਰਟੀ ਦੀ ਵਿਚਾਰਧਾਰਾ ਮੁਤਾਬਕ ਚੱਲਦੀ ਹੈ। ਉਨ੍ਹਾਂ ਮੰਤਰੀ ਮੰਡਲ ਦੀ ਮੀਟਿੰਗ ਤੋਂ ਇਕ ਪਾਸੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਅੱਜ ਟੈਲੀਫੋਨ ’ਤੇ ਸਿੱਧੂ ਸਾਹਿਬ ਨਾਲ ਗੱਲ ਕੀਤੀ ਹੈ। ਪਾਰਟੀ ਸਭ ਤੋਂ ਉੱਪਰ ਹੈ ਅਤੇ ਸਰਕਾਰ ਪਾਰਟੀ ਦੀ ਵਿਚਾਰਧਾਰਾ ਨੂੰ ਮੰਨ ਕੇ ਉਸ ਮੁਤਾਬਕ ਚੱਲਦੀ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਆਉਣਾ ਚਾਹੀਦਾ ਹੈ ਅਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਗ਼ਲਤ ਹੈ ਤਾਂ ਤੁਹਾਨੂੰ ਉਹ ਦੱਸਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਪ੍ਰਧਾਨ ਪਾਰਟੀ ਦਾ ਮੁਖੀ ਹੁੰਦਾ ਹੈ ਤੇ ਮੁਖੀ ਨੂੰ ਪਰਿਵਾਰ ਵਿਚ ਬੈਠਣਾ ਚਾਹੀਦਾ ਹੈ। ਸਿੱਧੂ ਮੁਲਾਕਾਤ ਕਰਨ ਲਈ ਸਹਿਮਤ ਹੋਏ ਹਨ।’’