ਦੀਨਾਨਗਰ, 18 ਅਕਤੂਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰਾਜ ਦੇ ਲੱਖਾਂ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਦੀਨਾਨਗਰ ਤੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕੀਤੀ। ਇਸ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ। ਦੀਨਾਨਗਰ ’ਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪਿੰਡ ਮੀਰਪੁਰ ਅਤੇ ਮਹਾਂਦੇਵ ਕਲਾਂ ਦੇ 50 ਲਾਭਪਾਤਰੀਆਂ ਨੂੰ ਜਾਇਦਾਦ ਦੇ ਮਾਲਕੀ ਹੱਕ ਦੀਆਂ ਸਨਦਾਂ ਸੌਂਪੀਆਂ। ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਤੋਂ ਇਲਾਵਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਸੀਨੀਅਰ ਆਗੂ ਅਸ਼ੋਕ ਚੌਧਰੀ ਅਤੇ ਯੂਥ ਆਗੂ ਅਭਿਨਵ ਚੌਧਰੀ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਸਕੀਮ ਵਿਸ਼ੇਸ਼ ਤੌਰ ’ਤੇ ਸਮਾਜ ਦੇ ਲੋੜਵੰਦ ਅਤੇ ਕਮਜ਼ੋਰ ਵਰਗਾਂ ਨੂੰ ਰਾਹਤ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਮੁੱਚੀ ਸਕੀਮ ਨੂੰ ਲਾਗੂ ਕਰਨ ਦਾ ਜ਼ਿੰਮਾ ਮਾਲ ਵਿਭਾਗ ਨੂੰ ਦਿੱਤਾ ਗਿਆ ਹੈ, ਜੋ ਡਿਜੀਟਲ ਮੈਪਿੰਗ ਲਈ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਅਜਿਹੀਆਂ ਰਿਹਾਇਸ਼ੀ ਜਾਇਦਾਦਾਂ ਦਾ ਡਰੋਨ ਰਾਹੀਂ ਸਰਵੇ ਕਰਵਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਢੁੱਕਵੀਂ ਸ਼ਨਾਖ਼ਤ ਤੇ ਤਸਦੀਕ ਕਰਨ ਤੋਂ ਬਾਅਦ ਜਾਇਦਾਦ ਦਾ ਮਾਲਕੀ ਹੱਕ ਦੇਣ ਲਈ ਪ੍ਰਾਪਰਟੀ ਕਾਰਡ (ਸਨਦ) ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਆਪਣੇ ਇਤਰਾਜ਼ ਦਾਇਰ ਕਰਨ ਲਈ 15 ਦਿਨ ਦਾ ਸਮਾਂ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਨਦਾਂ ਰਜਿਸਟਰੀ ਦਾ ਉਦੇਸ਼ ਪੂਰਾ ਕਰਨਗੀਆਂ, ਜਿਸ ਨਾਲ ਲੋਕਾਂ ਨੂੰ ਬੈਂਕਾਂ ਪਾਸੋਂ ਕਰਜ਼ਾ ਵੀ ਮਿਲ ਸਕਦਾ ਹੈ ਜਾਂ ਉਹ ਆਪਣੀ ਜਾਇਦਾਦ ਵੀ ਵੇਚ-ਵੱਟ ਵੀ ਕਰ ਸਕਦੇ ਹਨ।

‘ਸਮਾਂ ਘੱਟ ਪਰ ਲੋਕਾਂ ਨੂੰ ਸਹੂਲਤਾਂ ਦੇਵਾਂਗੇ’

ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇੱਕ ਹੋਰ ਪਹਿਲਕਦਮੀ ਕਰਦਿਆਂ ਲਾਲ ਲਕੀਰ ਤੋਂ ਬਾਹਰ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇ ਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਤੱਕ ਸੂਬਾ ਸਰਕਾਰ ਇਸ ਸਕੀਮ ਅਧੀਨ ਇਨ੍ਹਾਂ ਲੋਕਾਂ ਨੂੰ ਮਾਲਕੀ ਹੱਕ ਦੇਣਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਜਿਹੜੇ ਵੀ ਕੁਨੈਕਸ਼ਨ ਬਕਾਏ ਬਿੱਲਾਂ ਕਰਕੇ ਕੱਟ ਦਿੱਤੇ ਗਏ ਸੀ, ਉਨਾਂ ਨੂੰ ਦੀਵਾਲੀ ਤੱਕ ਬਹਾਲ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਬਹੁਤ ਘੱਟ ਸਮਾਂ ਹੈ, ਪਰ ਉਹ ਨਿਰੰਤਰ ਕੰਮ ਕਰਕੇ ਵਿਕਾਸ ਮੁਖੀ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦੇਣਾ ਯਕੀਨੀ ਬਣਾ ਰਹੇ ਹਨ। ਇਸ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਨਾਪਾਕ ਕਰਾਰ ਦਿੰਦਿਆਂ ਕਿਹਾ ਕਿ ਇਹ ਫਿਰਕੂ ਨਫ਼ਰਤ ਦੀ ਵਿਚਾਰਧਾਰਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਸਰਕਾਰ ਨੇ ਲੋਕਾਂ ਦੀ ਦੇਸ਼ਭਗਤੀ ਅਤੇ ਦਿਆਨਤਦਾਰੀ ਉੱਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਅਤਿਵਾਦ ਜਾਂ ਨਸ਼ੇ ਦੇ ਕਾਰੋਬਾਰ ਰਾਹੀਂ ਸੂਬੇ ਨੂੰ ਅਸਥਿਰ ਕਰਨ ਦੇ ਮਨਸੂਬੇ ਨਾਕਾਮ ਕਰਨ ਲਈ ਪੰਜਾਬ ਪੁਲੀਸ ਪੂਰੀ ਤਰ੍ਹਾਂ ਨਾਲ ਸਮਰੱਥ ਹੈ।