ਚੰਡੀਗੜ੍ਹ, 5 ਅਗਸਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ’ਤੇ ਚਾਰ ਸਾਬਕਾ ਫੌਜੀਆਂ ਨੇ ਠੱਗੀ ਦਾ ਸ਼ਿਕਾਰ ਹੋਣ ਦੇ ਦੋਸ਼ ਲਾਏ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਅੱਜ ਸਾਬਕਾ ਫੌਜੀ ਗੁਰਦਿਆਲ ਸਿੰਘ ਅਤੇ ਹੋਰਨਾਂ ਨੇ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਵਜੋਂ ਭਰਤੀ ਕਰਨ ਦੇ ਨਾਮ ’ਤੇ ਇੱਕ ਵਿਅਕਤੀ ’ਤੇ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਵਾਉਣ ਅਤੇ 45 ਲੱਖ ਰੁਪਏ ਲੈਣ ਦੇ ਦੋਸ਼ ਲਾਏ। ਸ੍ਰੀ ਮਜੀਠੀਆ ਅਤੇ ਇਨ੍ਹਾਂ ਵਿਅਕਤੀਆਂ ਨੇ ਅੱਜ ਇੱਥੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਹੋਣ ਦਾ ਦਾਅਵਾ ਕਰਨ ਵਾਲੇ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਪੁਲੀਸ ਵਿਚ ਸਬ ਇੰਸਪੈਕਟਰ ਵਜੋਂ ਭਰਤੀ ਕਰਾਉਣ ਦਾ ਵਾਅਦਾ ਕੀਤਾ। ਸਾਬਕਾ ਫੌਜੀ ਗੁਰਦਿਆਲ ਸਿੰਘ ਨੇ ਦਾਅਵਾ ਕੀਤਾ ਕਿ ਉਹ ਦਲਜੀਤ ਸਿੰਘ ਦੇ ਨਾਲ ਸ੍ਰੀ ਚੰਨੀ ਨੂੰ ਮਿਲੇ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਨੇ 17 ਲੱਖ ਰੁਪਏ, ਸਾਬਕਾ ਫੌਜੀ ਜਗਦੀਸ਼ ਸਿੰਘ ਨੇ 6 ਲੱਖ ਤੇ ਦਰਸ਼ਨ ਸਿੰਘ ਤੇ ਧਰਮਿੰਦਰ ਸਿੰਘ ਨੇ 5-5 ਲੱਖ ਰੁਪਏ ਦਿੱਤੇ। ਉਨ੍ਹਾਂ ਦੱਸਿਆ ਕਿ ਦੋ ਹੋਰਨਾਂ ਨਵਦੀਪ ਸਿੰਘ ਤੇ ਬੱਚਿਤਰ ਸਿੰਘ ਨੇ 5 ਲੱਖ ਤੇ 3.70 ਲੱਖ ਰੁਪਏ ਦਿੱਤੇ। ਇਨ੍ਹਾਂ ਇਸ ਸਬੰਧੀ ਵੀਡੀਓ ਤੇ ਆਡੀਓ ਕਲਿੱਪਾਂ ਵੀ ਜਨਤਕ ਕੀਤੀਆਂ। ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਅਪਰੈਲ 2021 ਅਤੇ ਨਵੰਬਰ 2021 ਵਿਚ ਚੰਨੀ ਨੂੰ ਮਿਲੇ ਸਨ ਤੇ ਬਾਅਦ ਵਿਚ ਚੰਨੀ ਨੇ ਡੀਜੀਪੀ ਦਫਤਰ ਤੋਂ ਪਾਸ ਜਾਰੀ ਕੀਤਾ ਤਾਂ ਜੋ ਉਹ 10 ਨਵੰਬਰ 2023 ਨੂੰ ਡੀਜੀਪੀ ਨੂੰ ਮਿਲ ਸਕਣ। ਮਗਰੋਂ ਉਨ੍ਹਾਂ ਅੰਮ੍ਰਿਤਸਰ ਦਿਹਾਤੀ ਪੁਲੀਸ ਕੋਲ ਪਹੁੰਚ ਕੀਤੀ ਪਰ ਉਨ੍ਹਾਂ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ। ਗੁਰਦਿਆਲ ਸਿੰਘ ਨੇ ਦੱਸਿਆ ਕਿ ਅਖੀਰ ਵਿਚ ਦਲਜੀਤ ਸਿੰਘ ਖ਼ਿਲਾਫ਼ ਕੇਸ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਾਡੇ ਹੱਕ ਵਿੱਚ ਧਰਨਾ ਦੇਣ ਮਗਰੋਂ ਦਰਜ ਹੋਇਆ, ਪਰ ਹਾਲੇ ਵੀ ਸਾਬਕਾ ਮੁੱਖ ਮੰਤਰੀ ਦਾ ਨਾਂ ਐਫਆਈਆਰ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਇਸ ਕਰਕੇ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸ੍ਰੀ ਚੰਨੀ ਦਾ ਮੁੱਖ ਮੰਤਰੀ ਨਾਲ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਵੱਲੋਂ ਸ੍ਰੀ ਚੰਨੀ ਖ਼ਿਲਾਫ਼ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਲਾਏ ਦੋਸ਼ ਭੁੱਲ ਗਏ ਹਨ ਤੇ ਇਸ ਮਾਮਲੇ ਵਿਚ ਕੇਸ ਹਾਲੇ ਤੱਕ ਦਰਜ ਨਹੀਂ ਕੀਤਾ ਗਿਆ। ਅਕਾਲੀ ਆਗੂ ਨੇ ਕਿਹਾ ਕਿ ਜੇ ਸਰਕਾਰ ਨੇ ਸ੍ਰੀ ਚੰਨੀ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਰਾਜਪਾਲ ਕੋਲ ਪਹੁੰਚ ਕਰੇਗਾ।