ਬੰਗਲੂਰੂ, 24 ਅਗਸਤ
ਭਾਰਤ ਦੇ ਮੂਨ ਮਿਸ਼ਨ ਚੰਦਰਯਾਨ-3 ਨੇ ਅੱਜ ਚੰਨ ਦੇ ਦੱਖਣੀ ਧਰੁਵ ’ਤੇ ਉੱਤਰ ਕੇ ਪੁਲਾੜ ਵਿਚ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਇਹ ਸਫ਼ਲਤਾ ਇਸ ਦੇ ਪੁਲਾੜ ਪ੍ਰੋਗਰਾਮ ਲਈ ਵੱਡੀ ਪੁਲਾਂਘ ਹੈ। ਚੰਦਰਯਾਨ-3 ਦਾ ਲੈਂਡਰ ਮੌਡਿਊਲ ‘ਵਿਕਰਮ’ ਅੱਜ ਸ਼ਾਮੀਂ 6:04 ਵਜੇ ਚੰਨ ਦੀ ਸਤਹਿ ’ਤੇ ਉੱਤਰ ਗਿਆ। ਅਮਰੀਕਾ, ਚੀਨ ਤੇ ਸੋਵੀਅਤ ਰੂਸ ਮਗਰੋਂ ਭਾਰਤ ਧਰਤੀ ਦੇ ਇਕੋ ਇਕ ਕੁਦਰਤੀ ਉਪਗ੍ਰਹਿ ਚੰਨ ’ਤੇ ਪਹੁੰਚਣ ਵਾਲਾ ਚੌਥਾ ਤੇ ਇਸ ਦੇ ਦੱਖਣੀ ਧਰੁਵ ’ਤੇ ਸਫ਼ਲ ਲੈਂਡਿੰਗ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਤੋਂ ਫੌਰੀ ਮਗਰੋੋਂ ਲੈਂਡਰ ਤੇ ਪੁਲਾੜ ਏਜੰਸੀ ਦੇ ਮਿਸ਼ਨ ਅਪਰੇਸ਼ਨਜ਼ ਕੰਪਲੈਕਸ (ਐੱਮਓਐੱਕਸ) ਵਿਚਾਲੇ ਸੰਪਰਕ ਸਥਾਪਿਤ ਹੋ ਗਿਆ ਹੈ। ਇਸਰੋ ਨੇ ਲੈਂਡਰ ਦੇ ਹੋਰੀਜ਼ੌਂਟਲ ਵੈਲੋਸਿਟੀ ਕੈਮਰੇ ਤੋਂ ਚੰਨ ਦੀ ਸਤਹਿ ਵੱਲ ਉਤਰਾਈ ਮੌਕੇ ਖਿੱਚੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐੱਮਓਐੱਕਸ ਇਸਰੋ ਟੈਲੀਮੀਟਰੀ, ਟਰੈਕਿੰਗ ਤੇ ਕਮਾਂਡ ਨੈੱਟਵਰਕ ਵਿੱਚ ਸਥਾਪਿਤ ਹੈ। ਇਸਰੋ ਦਾ ਚੰਨ ਵੱਲ ਇਹ ਤੀਜਾ ਮਿਸ਼ਨ ਸੀ। ਇਸ ਤੋਂ ਪਹਿਲਾਂ ਭਾਰਤ ਨੇ 2008 ਤੇ 2019 ਵਿੱਚ ਵੀ ਚੰਨ ਵੱਲ ਉਡਾਣ ਭਰੀ ਸੀ। ਭਾਰਤ ਨੇ ਇਹ ਪ੍ਰਾਪਤੀ ਅਜਿਹੇ ਮੌਕੇ ਕੀਤੀ ਹੈ ਜਦੋਂ ਰੂਸ ਦਾ ਲੈਂਡਰ ਲੂਨਾ-25 ਐਤਵਾਰ ਨੂੰ ਲੈਂਡਿੰਗ ਮੌਕੇ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋ ਗਿਆ ਸੀ। ਲੈਂਡਰ ਮੌਡਿਊਲ ਵਿੱਚ ਲੈਂਡਰ (ਵਿਕਰਮ) ਤੇ 26 ਕਿਲੋ ਵਜ਼ਨ ਦਾ ਰੋਵਰ (ਪ੍ਰਗਿਆਨ) ਸ਼ਾਮਲ ਹਨ।
ਪਿਛਲੇ ਚਾਰ ਸਾਲਾਂ ਵਿੱਚ ਭਾਰਤ ਦੇ ਮਿਸ਼ਨ ਮੂਨ ਤਹਿਤ ਇਹ ਦੂਜੀ ਕੋਸ਼ਿਸ਼ ਸੀ। ਉਂਜ ਭਾਰਤ ਦੂਜੀ ਸਫ਼ਲ ਕੋਸ਼ਿਸ਼ ਨਾਲ ਚੰਨ ਦੀ ਸਤਹਿ ’ਤੇ ਸਾਫ਼ਟ ਲੈਂਡਿੰਗ ਤਕਨਾਲੋਜੀ ਵਿੱਚ ਮਾਹਿਰ ਬਣਨ ਵਾਲਾ ਚੌਥਾ ਮੁਲਕ ਬਣ ਗਿਆ ਹੈ। ਉਂਜ ਚੰਦਰਯਾਨ-3 ਆਪਣੇ ਤੋਂ ਪਹਿਲਾਂ ਭੇਜੇ ਚੰਦਰਯਾਨ-2 ਦਾ ਹੀ ਫਾਲੋਆਨ ਮਿਸ਼ਨ ਹੈ ਤੇ ੲਿਸ ਦਾ ਮੁੱਖ ਮੰਤਵ ਚੰਨ ਦੀ ਸਤਹਿ ’ਤੇ ਸੁਰੱਖਿਅਤ ਤੇ ਸਾਫ਼ਟ ਲੈਂਡਿੰਗ, ਚੰਨ ’ਤੇ ਘੁੰਮਣਾ ਤੇ ਵਿਗਿਆਨਕ ਤਜਰਬੇ ਕਰਨ ਦੀ ਆਪਣੀ ਸਮਰੱਥਾ ਦਾ ਮੁਜ਼ਾਹਰਾ ਕਰਨਾ ਹੈ। ਸਾਲ 2019 ਵਿੱਚ ਵੀ ਇਸਰੋ ਨੇ ਚੰਦਰਯਾਨ-2 ਮਿਸ਼ਨ ਤਹਿਤ ਚੰਨ ਵੱਲ ਉਡਾਣ ਭਰੀ ਸੀ, ਪਰ 7 ਸਤੰਬਰ ਨੂੰ ਲੈਂਡਿੰਗ ਮੌਕੇ ਬ੍ਰੇਕਿੰਗ ਸਿਸਟਮ ਵਿੱਚ ਕੁਝ ਵਿਗਾੜਾਂ ਕਰਕੇ ਰਫ਼ਤਾਰ ਕੰਟਰੋਲ ਨਹੀਂ ਹੋ ਸਕੀ ਤੇ ਚੰਨ ਦੀ ਸਤਹਿ ’ਤੇ ਉਤਰਨ ਤੋਂ ਪਹਿਲਾਂ ਹੀ ਲੈਂਡਰ ਮੌਡਿਊਲ ‘ਵਿਕਰਮ’ ਨੁਕਸਾਨਿਆ ਗਿਆ ਤੇ ਇਸ ਦਾ ਇਸਰੋ ਦੇ ਕੰਟਰੋਲ ਸੈਂਟਰ ਨਾਲੋਂ ਸੰਪਰਕ ਟੁੱਟ ਗਿਆ ਸੀ। ਉਂਜ ਭਾਰਤ ਨੇ ਚੰਨ ਵੱਲ ਪਲੇਠੀ ਉਡਾਣ 2008 ਵਿੱਚ ਭਰੀ ਸੀ। ਚੰਦਰਯਾਨ-3 ਮਿਸ਼ਨ ’ਤੇ 600 ਕਰੋੜ ਰੁਪਏ ਦੀ ਲਾਗਤ ਆਈ ਹੈ। ਚੰਦਰਯਾਨ ਨੇ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ-3 (ਐੱਲਵੀਐੱਮ-3) ਰਾਕੇਟ ’ਤੇ ਚੰਨ ਵੱਲ ਉਭਾਣ ਭਰੀ ਸੀ। ਚੰਦਰਯਾਨ-3 ਨੂੰ ਚੰਨ ਦੇ ਦੱਖਣੀ ਧਰੁਵ ਨੇੜੇ ਪੁੱਜਣ ਲਈ 41 ਦਿਨਾਂ ਦਾ ਸਮਾਂ ਲੱਗਾ। ਲੈਂਡਰ ਤੇ ਛੇ ਟਾਇਰਾਂ ਵਾਲਾ ਰੋਵਰ (ਦੋਵਾਂ ਦਾ ਵਜ਼ਨ ਕੁੱਲ ਮਿਲਾ ਕੇ 1752 ਕਿਲੋ) ਦਾ ਡਿਜ਼ਾਈਨ ਅਜਿਹਾ ਹੈ ਕਿ ਉਹ ਇਕ ਚੰਨ ਡੇਅਲਾਈਟ ਅਰਸੇ (ਲਗਪਗ 14 ਧਰਤੀ ਦਿਨ) ਤੱਕ ਅਪਰੇਟ ਕਰ ਸਕਣਗੇ। ਲੈਂਡਰ, ਜਿਸ ਦੀਆਂ ਚਾਰ ਲੱਤਾਂ ਹਨ, ਵਿਚ ਮਲਟੀਪਲ ਸੈਂਸਰ ਲੱਗੇ ਹਨ, ਜਿਨ੍ਹਾਂ ਚੰਨ ਦੀ ਸਤਹਿ ’ਤੇ ਸੁਰੱਖਿਅਤ ਲੈਂਡਿੰਗ ਨੂੰ ਯਕੀਨੀ ਬਣਾਇਆ। ਲੈਂਡਰ ਵਿੱਚ ਲੱਗੇ ਹੋਰਨਾਂ ਉਪਕਰਨਾਂ ਵਿਚ ਐਕਸੀਲਰੋਮੀਟਰ, ਐਲਟੀਮੀਟਰਜ਼, ਡੋਪਲਰ ਵੈਲੋਸੀਮੀਟਰ, ਇਨਕਲਾਈਨੋਮੀਟਰ, ਟੱਚਡਾਊਨ ਸੈਂਸਰ ਤੇ ਪੁਜ਼ੀਸ਼ਨ ਨਾਲੇਜ ਲਈ ਕਈ ਕੈਮਰੇ ਲੱਗੇ ਹਨ। ਭਾਰਤ ਚੰਨ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਪਹਿਲਾ ਮੁਲਕ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਚੰਨ ਦੇ ਇਸ ਹਿੱਸੇ ਵਿੱਚ ਜੰਮੇ ਹੋਏ ਪਾਣੀ ਤੇ ਕੀਮਤੀ ਤੱਤਾਂ ਦੇ ਭੰਡਾਰ ਹਨ। ਲੈਂਡਰ ਮੌਡਿਊਲ ਨੇ ਚੰਨ ਦੀ ਸਤਹਿ ’ਤੇ ਉਤਰਨ ਦਾ ਆਪਣਾ ਸਫ਼ਰ ਸ਼ਾਮੀਂ 5:44 ਵਜੇ ਸ਼ੁਰੂ ਕੀਤਾ ਸੀ ਤੇ ਇਸਰੋ ਵਿਗਿਆਨੀਆਂ ਲਈ ਇਹ ‘20 ਮਿੰਟ’ ਬਹੁਤ ਅਹਿਮ ਤੇ ਭੈਅ ਵਾਲੇ ਸਨ। ਜਿਵੇਂ ਹੀ ਲੈਂਡਰ ਚੰਨ ’ਤੇ ਉਤਰਿਆ ਤਾਂ ਇਸਰੋ ਦੇ ਵਿਗਿਆਨੀ ਮਿਸ਼ਨ ਅਪਰੇਸ਼ਨਜ਼ ਕੰਪਲੈਕਸ (ਐੱਮਓਐੱਕਸ) ਵਿਚ ਖ਼ੁਸ਼ੀ ਨਾਲ ਝੂਮ ਉੱਠੇ ਤੇ ਉਨ੍ਹਾਂ ਜੇਤੂ ਨਿਸ਼ਾਨ ਵੀ ਬਣਾਏ।