ਮੁੰਬਈ, 24 ਨਵੰਬਰ

ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਅੱਜ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਹਨ ਅਤੇ ਜਲਦੀ ਹੀ ਮੁੰਬਈ ਜਾਣਗੇ। ਦੱਸਣਯੋਗ ਹੈ ਕਿ ਪਰਮਬੀਰ ਸਿੰਘ ਨੂੰ ਇੱਥੋਂ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਮਹਾਰਾਸ਼ਟਰ ਵਿੱਚ ਜਬਰੀ ਵਸੂਲੀ ਦੇ ਕਈ ਕੇਸਾਂ ਦਾ ਸਾਹਮਣਾ ਕਰ ਰਹੇ ਆਈਪੀਐਸ ਅਧਿਕਾਰੀ ਨੇ ਨਿਊਜ਼ ਚੈਨਲਾਂ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਸੀ। ਪੱਤਰਕਾਰਾਂ ਨੇ ਪੁੱਛਿਆ ਕਿ ਉਹ ਪੁਲੀਸ ਜਾਂ ਅਦਾਲਤ ਅੱਗੇ ਆਤਮ ਸਮਰਪਣ ਕਰੇਗਾ ਬਾਰੇ ਉਨ੍ਹਾਂ ਕਿਹਾ ਕਿ ਅਜੇ ਉਸ ਨੇ ਆਪਣੀ ਅਗਲੀ ਕਾਰਵਾਈ ਬਾਰੇ ਫੈਸਲਾ ਕਰਨਾ ਹੈ। ਬੁੱਧਵਾਰ ਸ਼ਾਮ ਨੂੰ ਆਈਪੀਐਸ ਅਧਿਕਾਰੀ ਟੈਲੀਗ੍ਰਾਮ ’ਤੇ ਨਜ਼ਰ ਆਏ, ਪਰ ਉਨ੍ਹਾਂ ਬਾਅਦ ਵਿੱਚ ਸੋਸ਼ਲ ਮੈਸੇਜਿੰਗ ਐਪ ਤੋਂ ਆਪਣਾ ਖਾਤਾ ਡਿਲੀਟ ਕਰ ਦਿੱਤਾ। ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਇਸ ਸਾਲ ਮਈ ਤੋਂ ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਤਬਾਦਲੇ ਤੋਂ ਬਾਅਦ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ।