ਚੰਡੀਗੜ੍ਹ, 23 ਫਰਵਰੀ

ਚੰਡੀਗੜ੍ਹ ਦੇ ਮੁਨਾਫ਼ੇ ਵਿੱਚ ਚੱਲ ਰਹੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਸਾਰੀ ਰਾਤ ਹਨੇਰੇ ਵਿੱਚ ਡੁੱਬਿਆ ਰਿਹਾ ਹੈ। ਸ਼ਹਿਰ ਵਿੱਚ ਬਿਜਲੀ ਸਪਲਾਈ ਸ਼ੁਰੂ ਕਰਨ ਲਈ ਫੌ਼ਜ ਨੂੰ ਤਾਇਨਾਤ ਕੀਤਾ ਗਿਆ ਹੈ। ਬਿਜਲੀ ਸਪਲਾਈ ਬੰਦ ਹੋਣ ਕਰਕੇ ਚੰਡੀਗੜ੍ਹੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਯੂਟੀ ਪ੍ਰਸ਼ਾਸਨ ਬਿਜਲੀ ਮੁਲਾਜ਼ਮਾਂ ਨੂੰ ਮਨਾਉਣ ਵਿੱਚ ਲੱਗਿਆ ਹੋਇਆ ਹੈ। ਬਿਜਲੀ ਮੁਲਾਜ਼ਮਾਂ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਦੇ ਨਾਲ ਸੈਕਟਰਾਂ ਵਿੱਚ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਹਾਮੀ ਭਰ ਦਿੱਤੀ ਹੈ। ਅੱਜ ਦੁਪਹਿਰ ਸਮੇਂ ਬਿਜਲੀ ਮੁਲਾਜ਼ਮਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਕਾਰ ਮੀਟਿੰਗ ਸ਼ੁਰੂ ਹੋ ਗਈ। ਉਸ ਤੋਂ ਬਾਅਦ ਬਿਜਲੀ ਮੁਲਾਜ਼ਮ ਆਖਰੀ ਫੈਸਲੇ ਦਾ ਐਲਾਨ ਕਰਨਗੇ।