ਚੰਡੀਗੜ੍ਹ, 15 ਦਸੰਬਰ
ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਵਿੱਚੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ 15 ਵਿਅਕਤੀਆਂ ਵੱਲੋਂ ਫਰਜ਼ੀ ਸਿਰਨਾਵਿਆਂ ਅਤੇ ਦਸਤਾਵੇਜ਼ਾਂ ਆਦਿ ਦੇ ਆਧਾਰ ’ਤੇ ਪਾਸਪੋਰਟ ਬਣਾਉਣ ਦਾ ਖ਼ੁਲਾਸਾ ਹੋਇਆ ਹੈ। ਪਾਸਪੋਰਟ ਦਫ਼ਤਰ ਵੱਲੋਂ ਅੱਜ ਹੰਗਾਮੀ ਹਾਲਤ ਵਿੱਚ ਇਨ੍ਹਾਂ 15 ਪਾਸਪੋਰਟਾਂ ਨੂੰ ਮੁਅੱਤਲ ਕਰਕੇ ਕੌਮਾਂਤਰੀ ਪੱਧਰ ’ਤੇ ਸਮੂਹ ਹਵਾਈ ਅੱਡਿਆਂ ਦੇ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਗਿਆ ਹੈ। ਫਰਜ਼ੀ ਪਾਸਪੋਰਟ ਬਣਾਉਣ ਵਾਲੇ 15 ਵਿਅਕਤੀ ਹੁਣ ਜਿਹੜੇ ਵੀ ਦੇਸ਼ ਵਿੱਚ ਹੋਣਗੇ, ਉਹ ਉੱਥੋਂ ਹੋਰ ਕਿਸੇ ਵੀ ਦੇਸ਼ ਲਈ ਉਡਾਣ ਨਹੀਂ ਭਰ ਸਕਣਗੇ।
ਇਹ ਖੁਲਾਸਾ ਖੇਤਰੀ ਪਾਸਪੋਰਟ ਅਫਸਰ (ਆਰਪੀਓ) ਚੰਡੀਗੜ੍ਹ ਸਿਬਾਸ਼ ਕਬੀਰਾਜ (ਹਰਿਆਣਾ ਕੇਡਰ ਦੇ ਆਈਪੀਐਸ ਅਧਿਕਾਰੀ) ਨੇ ਕੀਤਾ ਹੈ। ਸ੍ਰੀ ਕਬੀਰਾਜ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਉਨ੍ਹਾਂ ਦੇ ਦਫਤਰ ਵੱਲੋਂ ਵੱਖ-ਵੱਖ ਵਰਗਾਂ ਤਹਿਤ 15 ਅਜਿਹੇ ਪਾਸਪੋਰਟ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਪੁਲੀਸ ਵੈਰੀਫਿਕੇਸ਼ਨ ਬਾਅਦ ਵਿੱਚ ਹੋਣੀ ਸੀ। ਇਨ੍ਹਾਂ ਵਿੱਚੋਂ ਕੁਝ ਪਾਸਪੋਰਟ ਮੁੜ ਜਾਰੀ ਕੀਤੇ ਗਏ ਸਨ ਅਤੇ ਕੁਝ ਹੋਰ ਵਰਗਾਂ ਤਹਿਤ ਬਣਾਏ ਸਨ। ਇਨ੍ਹਾਂ 15 ਪਾਸਪੋਰਟਾਂ ਵਿੱਚੋਂ ਹਰਿਆਣੇ ਦਾ ਇੱਕ-ਅੱਧਾ ਪਾਸਪੋਰਟ ਹੀ ਹੈ ਜਦਕਿ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਿਤ ਵਿਅਕਤੀਆਂ ਦੇ ਜ਼ਿਆਦਾਤਰ ਪਾਸਪੋਰਟ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ 15 ਜਾਰੀ ਹੋਏ ਪਾਸਪੋਰਟਾਂ ਦੀ ਪੰਜਾਬ, ਯੂਟੀ ਚੰਡੀਗੜ੍ਹ ਅਤੇ ਹਰਿਆਣਾ ਪੁਲੀਸ ਕੋਲੋਂ ਇਸ ਦਫ਼ਤਰ ਨੂੰ ਸਮੇਂ-ਸਮੇਂ ਪੁਲੀਸ ਵੈਰੀਫਿਕੇਸ਼ਨ ਪ੍ਰਾਪਤ ਹੋਈ ਹੈ ਤਾਂ ਇਸ ਫਰਜ਼ੀਵਾੜੇ ਦਾ ਪਤਾ ਲੱਗਿਆ। ਇਨ੍ਹਾਂ 15 ਪਾਸਪੋਰਟਾਂ ਬਾਰੇ ਪੁਲੀਸ ਵੈਰੀਫਿਕੇਸ਼ਨ ਰਿਪੋਰਟਾਂ ਵਿੱਚ ਇਹ ਪਾਸਪੋਰਟ ਹਾਸਲ ਕਰਨ ਵਾਲੇ ਵਿਅਕਤੀਆਂ ਵੱਲੋਂ ਮੁਹੱਈਆ ਕਰਵਾਏ ਦਸਤਾਵੇਜ਼ਾਂ ਦੇ ਉਲਟ ਤੱਥ ਸਾਹਮਣੇ ਆਏ ਹਨ। ਇਨ੍ਹਾਂ ਪਾਸਪੋਰਟ ਧਾਰਕਾਂ ਵਿੱਚੋਂ ਕਈਆਂ ਵੱਲੋਂ ਦਿੱਤੇ ਗਏ ਸਿਰਨਾਵੇਂ ਹੀ ਗਲਤ ਨਿਕਲੇ ਹਨ ਅਤੇ ਕਈ ਪਾਸਪੋਰਟ ਧਾਰਕ ਦੱਸੇ ਸਿਰਨਾਵਿਆਂ ’ਤੇ ਕਦੇ ਰਹੇ ਹੀ ਨਹੀਂ ਹਨ। ਸ੍ਰੀ ਕਬੀਰਾਜ ਨੇ ਦੱਸਿਆ ਕਿ ਉਨ੍ਹਾਂ ਅੱਜ ਹੰਗਾਮੀ ਹਾਲਤ ਵਿੱਚ ਕੌਮਾਂਤਰੀ ਪੱਧਰ ’ਤੇ ਸਮੂਹ ਹਵਾਈ ਅੱਡਿਆਂ ਦੇ ਪ੍ਰਸ਼ਾਸਨ ਨੂੰ ਮੁਅੱਤਲ ਕੀਤੇ ਇਨ੍ਹਾਂ 15 ਪਾਸਪੋਰਟਾਂ ਬਾਰੇ ਅਲਰਟ ਕਰ ਦਿੱਤਾ ਹੈ। ਅੱਜ ਤੋਂ ਬਾਅਦ ਇਹ 15 ਵਿਅਕਤੀ ਹਾਸਲ ਕੀਤੇ ਪਾਸਪੋਰਟਾਂ ਰਾਹੀਂ ਕਿਸੇ ਹੋਰ ਦੇਸ਼ ਦੀ ਉਡਾਣ ਨਹੀਂ ਭਰ ਸਕਣਗੇ। ਫਰਜ਼ੀ ਪਾਸਪੋਰਟ ਬਣਾਉਣ ਵਾਲੇ 15 ਵਿਅਕਤੀਆਂ ਨੂੰ ਵੀ ਨੋਟਿਸ ਭੇਜ ਕੇ ਉਨ੍ਹਾਂ ਦੀ ਜਵਾਬਤਲਬੀ ਕੀਤੀ ਗਈ ਹੈ। ਜੇਕਰ ਇਨ੍ਹਾਂ ਵਿੱਚੋਂ ਕੋਈ ਵਿਅਕਤੀ ਆਪਣੀ ਸਫਾਈ ਪੇਸ਼ ਕਰੇਗਾ ਤਾਂ ਉਸ ਦੀ ਪੜਤਾਲ ਕਰਨ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੜਤਾਲ ਕਰਨ ਤੋਂ ਬਾਅਦ ਫਰਜ਼ੀ ਪਾਸਪੋਰਟ ਬਣਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਵਾਏ ਜਾਣਗੇ।