ਚੰਡੀਗੜ੍ਹ, 24 ਦਸੰਬਰ
ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਲਈ ਅੱਜ ਸ਼ਾਂਤਮਈ ਢੰਗ ਨਾਲ ਵੋਟਿੰਗ ਹੋਈ। ਸ਼ਹਿਰ ਦੇ ਲੋਕਾਂ ਨੇ ਵੱਧ-ਚੜ੍ਹ ਕੇ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲਿਆ। ਵੋਟਰਾਂ ਦੇ ਇਕੱਠ ਨੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ। ਕਈ ਵੋਟਰਾਂ ਨੇ ਨਾ ਤਾਂ ਮਾਸਕ ਦੀ ਵਰਤੋਂ ਕੀਤੀ ਅਤੇ ਨਾ ਹੀ ਕਿਸੇ ਵੋਟਰ ਨੇ ਦਸਤਾਨੇ ਪਾਏ ਹੋਏ ਸਨ। ਨਿਗਮ ਚੋਣਾਂ ਲਈ ਸਵੇਰੇ 7.30 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸ਼ਾਮ 5 ਵਜੇ ਤੱਕ ਚਲੀ ਅਤੇ 60.45 ਫ਼ੀਸਦ ਵੋਟਾਂ ਪਾਈਆਂ ਗਈਆਂ। ਇਸ ਵਾਰ ਵਾਰਡ ਨੰਬਰ-16 ’ਚ ਸਭ ਤੋਂ ਵੱਧ 72.81 ਫ਼ੀਸਦ ਅਤੇ ਵਾਰਡ ਨੰਬਰ-23 ’ਚ ਸਭ ਤੋਂ ਘੱਟ 42.56 ਫ਼ੀਸਦੀ ਵੋਟਾਂ ਪਈਆਂ। ਗੌਰਤਲਬ ਹੈ ਕਿ ਨਗਰ ਨਿਗਮ ਚੋਣਾਂ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ 3700 ਪੁਲੀਸ ਮੁਲਾਜ਼ਮ ਅਤੇ ਅਰਧ ਸੈਨਿਕ ਦਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਚੋਣਾਂ ਵਿੱਚ 6,33,180 ਵੋਟਰਾਂ ਲਈ 694 ਪੋਲਿੰਗ ਬੂਥ ਬਣਾਏ ਗਏ ਸਨ। ਚੇਤੇ ਕਰਵਾਇਆ ਜਾਂਦਾ ਹੈ ਕਿ ਨਗਰ ਨਿਗਮ ਦੀਆਂ 2016 ਵਿੱਚ ਹੋਈਆਂ ਚੋਣਾਂ ਵਿੱਚ ਕੁੱਲ 59.54 ਫ਼ੀਸਦ ਵੋਟਾਂ ਪਈਆਂ ਸਨ ਜਦੋਂ ਕਿ ਲੋਕ ਸਭਾ ਚੋਣਾਂ 2019 ਵਿੱਚ 73.6 ਫ਼ੀਸਦੀ ਵੋਟਾਂ ਪਈਆਂ ਸਨ। ਮੌਜੂਦਾ ਨਿਗਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ 27 ਦਸੰਬਰ ਨੂੰ ਹੋਵੇਗੀ।