ਚੰਡੀਗੜ੍ਹ: ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI-1879 ਵਿੱਚ ਐਤਵਾਰ ਨੂੰ ਇੱਕ ਯਾਤਰੀ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ। ਯਾਤਰੀ ਨੇ ਉਡਾਣ ਦੌਰਾਨ ਬੇਕਾਬੂ ਹੋ ਕੇ ਜਹਾਜ਼ ਦੀ ਖਿੜਕੀ ਦੇ ਸ਼ੀਸ਼ੇ ਨੂੰ ਨੁਕਸਾਨ ਪਹੁੰਚਾਇਆ ਅਤੇ ਫਲਾਈਟ ਕ੍ਰੂ ਨਾਲ ਵੀ ਬਦਸਲੂਕੀ ਕੀਤੀ। ਹਾਲਾਂਕਿ ਕ੍ਰੂ ਮੈਂਬਰਾਂ ਨੇ ਸਥਿਤੀ ਨੂੰ ਸੰਭਾਲਦੇ ਹੋਏ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਦਿੱਲੀ ਹਵਾਈ ਅੱਡੇ ‘ਤੇ ਉਤਾਰ ਲਿਆ।

ਲੈਂਡਿੰਗ ਵੇਲੇ ਅਚਾਨਕ ਘਬਰਾਇਆ ਯਾਤਰੀ

ਫਲਾਈਟ ਵਿੱਚ ਮੌਜੂਦ ਇੱਕ ਯਾਤਰੀ ਦੇ ਮੁਤਾਬਕ, ਸੰਬੰਧਿਤ ਵਿਅਕਤੀ ਉਡਾਣ ਦੌਰਾਨ ਸ਼ਾਂਤ ਸੀ ਅਤੇ ਉਸ ਦੀ ਕੋਈ ਵੀ ਹਰਕਤ ਸ਼ੱਕੀ ਨਹੀਂ ਲੱਗੀ। ਪਰ ਜਦੋਂ ਜਹਾਜ਼ ਦਿੱਲੀ ਵਿੱਚ ਉਤਰਣ ਲੱਗਾ ਤਾਂ ਉਹ ਅਚਾਨਕ ਘਬਰਾ ਗਿਆ। ਇਸ ਤੋਂ ਬਾਅਦ ਉਹ ਆਪਣੀ ਸੀਟ ਤੋਂ ਉੱਠਿਆ ਅਤੇ ਖਿੜਕੀ ਦੇ ਸ਼ੀਸ਼ੇ ‘ਤੇ ਮੁੱਕੇ ਮਾਰਣੇ ਸ਼ੁਰੂ ਕਰ ਦਿੱਤੇ।

ਉਸ ਸਮੇਂ ਸਾਰੇ ਯਾਤਰੀ ਸੀਟ ਬੈਲਟ ਬੰਨ੍ਹ ਕੇ ਬੈਠੇ ਹੋਏ ਸਨ, ਇਸ ਲਈ ਕੋਈ ਵੀ ਉਸ ਨੂੰ ਰੋਕਣ ਲਈ ਨਹੀਂ ਉੱਠ ਸਕਿਆ। ਕਰਿਊ ਮੈਂਬਰਾਂ ਨੇ ਦਖ਼ਲ ਦਿੱਤਾ, ਪਰ ਉਦੋਂ ਤੱਕ ਖਿੜਕੀ ਦਾ ਅੰਦਰੂਨੀ ਸ਼ੀਸ਼ਾ ਚਟਕ ਚੁੱਕਾ ਸੀ।

ਕਰਿਊ ਨੇ ਸੰਭਾਲੀ ਸਥਿਤੀ, CISF ਨੇ ਕੀਤਾ ਕਾਬੂ

ਕਰਿਊ ਮੈਂਬਰਾਂ ਨੇ ਯਾਤਰੀ ਨੂੰ ਮੁੜ ਸੀਟ ‘ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ ਅਤੇ ਹੱਥੋਪਾਈ ਕਰਨ ਲੱਗ ਪਿਆ। ਇਸ ਤੋਂ ਬਾਅਦ ਪਾਇਲਟ ਨੂੰ ਜਾਣਕਾਰੀ ਦਿੱਤੀ ਗਈ ਅਤੇ ਹਵਾਈ ਅੱਡੇ ਦੀ ਸੁਰੱਖਿਆ ਟੀਮ ਨੂੰ ਸੁਚੇਤ ਕਰ ਦਿੱਤਾ ਗਿਆ। ਜਹਾਜ਼ ਦੇ ਲੈਂਡ ਕਰਦੇ ਹੀ CISF ਦੇ ਜਵਾਨ ਅੰਦਰ ਪਹੁੰਚੇ ਅਤੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਨੂੰ 7 ਜੂਨ ਦੀ ਰਾਤ ਹਿਰਾਸਤ ਵਿੱਚ ਰੱਖਿਆ ਗਿਆ।

ਏਅਰਪੋਰਟ ਤੋਂ ਭੱਜਣ ਦੀ ਵੀ ਕੀਤੀ ਕੋਸ਼ਿਸ਼

ਏਅਰਪੋਰਟ ਅਧਿਕਾਰੀਆਂ ਅਨੁਸਾਰ, ਇਹ ਯਾਤਰੀ ਪਟਨਾ ਦਾ ਰਹਿਣ ਵਾਲਾ ਹੈ। 8 ਜੂਨ ਦੀ ਸਵੇਰ ਉਸ ਨੇ ਦਿੱਲੀ ਏਅਰਪੋਰਟ ਦੇ ਟਰਮੀਨਲ-3 ‘ਤੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ CISF ਦੀ ਤੁਰੰਤ ਕਾਰਵਾਈ ਟੀਮ ਨੇ ਉਸ ਨੂੰ ਦੁਬਾਰਾ ਕਾਬੂ ਕਰ ਲਿਆ।

ਇਸ ਦੌਰਾਨ ਉਸ ਦੇ ਮਾਤਾ-ਪਿਤਾ ਵੀ ਹਵਾਈ ਅੱਡੇ ‘ਤੇ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਬਿਮਾਰੀ ਨਾਲ ਪੀੜਤ ਹੈ। ਬਾਅਦ ਵਿੱਚ ਕਰਵਾਏ ਗਏ ਮੈਡੀਕਲ ਜਾਂਚ ਵਿੱਚ ਵੀ ਇਹ ਗੱਲ ਸਹੀ ਪਾਈ ਗਈ। ਰਿਪੋਰਟ ਵਿੱਚ ਯਾਤਰੀ ਨੂੰ ਯਾਤਰਾ ਲਈ ਅਣਫਿੱਟ ਦੱਸਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਪਰਿਵਾਰ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

30 ਦਿਨ ਲਈ ਨੋ-ਫਲਾਈ ਸੂਚੀ ਵਿੱਚ ਸ਼ਾਮਲ

ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਗਈ ਅਤੇ ਮਾਮਲੇ ਦੀ ਜਾਣਕਾਰੀ DGCA ਨੂੰ ਵੀ ਭੇਜ ਦਿੱਤੀ ਗਈ ਹੈ। ਯਾਤਰੀ ਨੂੰ 30 ਦਿਨ ਲਈ ਨੋ-ਫਲਾਈ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਹੁਣ ਸਬੰਧਤ ਅਧਿਕਾਰੀਆਂ ਵੱਲੋਂ ਇਸ ਪਾਬੰਦੀ ਨੂੰ ਹੋਰ ਵਧਾਉਣ ਬਾਰੇ ਫ਼ੈਸਲਾ ਕੀਤਾ ਜਾ ਸਕਦਾ ਹੈ।

ਏਵੀਏਸ਼ਨ ਮਾਹਿਰ ਅਸ਼ਵਨੀ ਖੰਨਾ ਦੇ ਅਨੁਸਾਰ, ਜਹਾਜ਼ ਦੀ ਖਿੜਕੀ ਵਿੱਚ ਦੋ ਪਰਤਾਂ ਹੁੰਦੀਆਂ ਹਨ। ਅੰਦਰਲਾ ਸ਼ੀਸ਼ਾ ਪਲਾਸਟਿਕ ਦਾ ਅਤੇ ਬਾਹਰਲਾ ਕੱਚ ਦਾ ਹੁੰਦਾ ਹੈ, ਜਿਸ ਨੂੰ ਤੋੜਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਡਾਣ ਦੌਰਾਨ ਇਸ ਤਰ੍ਹਾਂ ਦੀ ਹਰਕਤ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਯਾਤਰੀ ਦਾ ਨਾਮ ਨੋ-ਫਲਾਈ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।