ਮਾਨਸਾ, 15 ਅਕਤੂਬਰ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਖੇਤੀ ਕਾਨੂੰਨਾਂ ਬਾਰੇ ਦਿੱਲੀ ‘ਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਘੋਲ ਨੂੰ ਨਵਾਂ ਰੂਪ ਦੇਣ ਲਈ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਮੀਟਿੰਗ ਸ਼ੁਰੂ ਹੋ ਗਈ ਹੈ। ਕਿਸਾਨ ਧਿਰਾਂ ਖੇਤੀ ਮੰਤਰੀ ਦੀ ਗੈਰ ਹਾਜ਼ਰੀ ਤੋਂ ਖ਼ਫ਼ਾ ਹਨ ਅਤੇ ਬੀਤੇ ਦਿਨ ਕੀਤੇ ਗਏ ਵਾਕਆਊਟ ਤੋਂ ਮਗਰੋਂ ਹੁਣ ਅੰਨਦਾਤਾ ਦੇ ਹੱਕ ਕੋਈ ਨਵੇਂ ਸਿਰੇ ਤੋਂ ਅੰਦੋਲਨ ਆਰੰਭ ਕਰਨ ਦੇ ਹੱਕ ਵਿੱਚ ਹਨ, ਜਿਸ ਲਈ ਮੀਟਿੰਗ ਵਿੱਚ ਹੀ ਕੋਈ ਫੈਸਲਾ ਕੀਤਾ ਜਾਵੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਬੇਸ਼ੱਕ ਦਿੱਲੀ ਵਿਖੇ ਖੇਤੀ ਮੰਤਰਾਲੇ ਦੇ ਨਾਲ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਤਿੱਖੀ ਸੁਰ ਨਾਲ ਗੱਲਬਾਤ ਆਰੰਭ ਕੀਤੀ ਸੀ ਅਤੇ ਕੇਂਦਰੀ ਖੇਤੀ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ ਪਰ ਜਦੋਂ ਕਿਸੇ ਦੇ ਵੀ ਨਾ ਆਉਣ ਸਬੰਧੀ ਕਨਸੋਅ ਕੰਨੀਂ ਪਈ ਤਾਂ ਉਹ ਉਠਕੇ ਬਾਹਰ ਆ ਗਏ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਧਿਰਾਂ ਨਾਲ ਸਹਿਮਤੀ ਕਰਕੇ ਕੇਂਦਰ ਨੂੰ ਘੇਰਨ ਲਈ ਕੋਈ ਨਵਾਂ ਫੈਸਲਾ ਐਲਾਨਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 19 ਅਕਤੂਬਰ ਬੁਲਾ ਲਿਆ ਗਿਆ ਹੈ, ਜਿਸ ਸਰਕਾਰ ਦੀ ਜੱਕੋ-ਤੱਕੀ ਨੂੰ ਵੀ ਪਰਖਿਆ ਜਾਵੇਗਾ। ਨੌਜਵਾਨ ਕਿਸਾਨ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਤੇਜ਼ ਕੀਤਾ ਜਾਵੇਗਾ।