ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਾਖਲ ਇੱਕ 40 ਸਾਲ ਦੇ ਵਿਅਕਤੀ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦਾ ਵਸਨੀਕ ਸੀ ਅਤੇ ਕੋਵਿਡ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਉਸ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਦਾਖਲ ਕਰਕੇ ਇਕਾਂਤਵਾਸ ਵਿੱਚ ਰੱਖਿਆ ਗਿਆ ਸੀ।
ਜਾਣਕਾਰੀ ਅਨੁਸਾਰ, ਸੰਕਰਮਿਤ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਕਾਰਨ ਸੈਕਟਰ-32 ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕੀਤਾ ਗਿਆ ਸੀ। ਜਦੋਂ ਉਸ ਦੀ ਸਿਹਤ ਵਿੱਚ ਸੁਧਾਰ ਨਾ ਹੋਇਆ, ਤਾਂ ਡਾਕਟਰਾਂ ਨੇ ਕੋਵਿਡ ਟੈਸਟ ਕੀਤਾ, ਜਿਸ ਦੀ ਰਿਪੋਰਟ ਪਾਜ਼ਿਟਿਵ ਆਈ। ਚੰਡੀਗੜ੍ਹ ਵਿੱਚ ਇਹ ਪਹਿਲਾ ਕੋਵਿਡ ਪਾਜ਼ਿਟਿਵ ਕੇਸ ਹੈ। ਹਾਲਾਂਕਿ, ਹਸਪਤਾਲ ਨੇ ਹਾਲੇ ਤੱਕ ਇਹ ਸਾਫ ਨਹੀਂ ਕੀਤਾ ਕਿ ਇਹ ਕੋਰੋਨਾ ਦੇ ਨਵੇਂ ਜੇਐੱਨ1 ਵੇਰੀਐਂਟ ਦਾ ਮਾਮਲਾ ਸੀ ਜਾਂ ਨਹੀਂ।
ਅੱਜ ਸਵੇਰੇ ਜੀਐਮਸੀਐਚ-32 ਦੇ ਡਾਇਰੈਕਟਰ ਡਾ. ਅਤਰੇ ਨੇ ਦੱਸਿਆ ਕਿ ਮਰੀਜ਼ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ ਅਤੇ ਹਸਪਤਾਲ ਵਿੱਚ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਡਾ. ਅਤਰੇ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਕੋਵਿਡ ਦੇ ਸੰਭਾਵਿਤ ਮਾਮਲਿਆਂ ਨਾਲ ਨਜਿੱਠਣ ਲਈ 10 ਬਿਸਤਰਿਆਂ ਦੀ ਵਿਸ਼ੇਸ਼ ਆਈਸੋਲੇਸ਼ਨ ਯੂਨਿਟ ਤਿਆਰ ਕੀਤੀ ਗਈ ਹੈ। ਨਾਲ ਹੀ, ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰਨ ਦੀ ਲੋੜ ਨਹੀਂ, ਸਗੋਂ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ 23 ਮਈ ਨੂੰ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ 51 ਸਾਲ ਦੀ ਔਰਤ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਹ ਪੰਜਾਬ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਗਈ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਟੈਸਟ ਕਰਵਾਇਆ ਗਿਆ ਸੀ।