ਚੰਡੀਗੜ੍ਹ, 15 ਜੂਨ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਘਟਣ ਕਰਕੇ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ ਦੇ ਘੇਰਾ ਹੋਰ ਘਟਾ ਲਿਆ ਹੈ। ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਾਰ ਰੂਮ ਦੀ ਮੀਟਿੰਗ ਵਿੱਚ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਸ਼ਹਿਰ ਵਿੱਚ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ, ਜੋ ਪਹਿਲਾਂ ਸ਼ਾਮ 6 ਵਜੇ ਬੰਦ ਹੁੰਦੀਆਂ ਸਨ। ਸਾਰੇ ਰੈਸਟੋਰੈਂਟ, ਬਾਰ ਹਰਿਆਣਾ ਦੀ ਤਰਜ਼ ’ਤੇ 50 ਫ਼ੀਸਦ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਇਲਾਵਾ ਰਾਤ ਦਾ ਕਰਫਿਊ 10.30 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ, ਜਦਕਿ ਪਹਿਲਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਦਾ ਸੀ।