ਮੁੰਬਈ:ਅਦਾਕਾਰਾ ਸੰਦੀਪਾ ਧਰ ਨੇ ਆਖਿਆ ਕਿ ਭਾਵੇਂ ਚੰਗੇ ਪ੍ਰਾਜੈਕਟ ਦਾ ਇੰਤਜ਼ਾਰ ਕਰਨਾ ਔਖੀ ਕੰਮ ਹੈ ਪਰ ਕਲਾਕਾਰਾਂ ਲਈ ਮਹੱਤਵਪੂਰਨ ਹੈ ਕਿ ਉਹ ਹਰ ਉਸ ਮੌਕੇ ਦਾ ਲਾਭ ਉਠਾਉਣ ਜੋ ਉਨ੍ਹਾਂ ਦੀ ਕਲਾ ਨਿਖਾਰਨ ਵਿੱਚ ਮਦਦ ਕਰਦਾ ਹੈ। ਸੰਦੀਪਾ ਨੇ ਰਾਜਸ੍ਰੀ ਪ੍ਰੋਡਕਸ਼ਨਜ਼ ਨਾਲ 2010 ਵਿੱਚ ਫ਼ਿਲਮ ‘ਇਸੀ ਲਾਈਫ ਮੇਂ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿੱਚ ਉਸ ਨੇ ‘ਹੀਰੋਪੰਤੀ’ ਅਤੇ ‘ਦਬੰਗ 2’ ਵਰਗੀਆਂ ਫਿਲਮਾਂ ਕੀਤੀਆਂ। 2019 ਵਿੱਚ ਜ਼ੀ5 ’ਤੇ ਆਈ ਸੀਰੀਜ਼ ‘ਅਭੈ’ ਨਾਲ ਉਸ ਦੀ ਕਰੀਅਰ ਵਿੱਚ ਵੱਡਾ ਬਦਲਾਅ ਆਇਆ। ਖਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ, ‘‘ਕਈ ਵਾਰ ਤੁਹਾਨੂੰ ਚੰਗੀ ਕਹਾਣੀ ਮਿਲਦੀ ਹੈ ਪਰ ਉਸ ਨੂੰ ਕਿਸੇ ਵੱਡੇ ਪਲੈਟਫਾਰਮ ਦਾ ਸਮਰਥਨ ਨਹੀਂ ਮਿਲਦਾ ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਜਦੋਂ ਤੁਹਾਡੇ ਕੋਲ ਚੰਗਾ ਪਲੈਟਫਾਰਮ ਤਾਂ ਹੁੰਦਾ ਹੈ ਪਰ ਕਹਾਣੀ ਚੰਗੀ ਨਹੀਂ ਮਿਲਦੀ। ਇਸ ਲਈ ਤੁਹਾਨੂੰ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।’’ ਉਸ ਨੇ ਕਿਹਾ, ‘‘ਤੁਸੀਂ ਇੱਕੋ-ਇੱਕ ਚੀਜ਼ ਕਰ ਸਕਦੇ ਹੋ, ਖੁਦ ਨੂੰ ਕੰਮ ’ਚ ਰੁਝੇ ਰੱਖਣਾ। ਤੁਸੀਂ ਅਜਿਹੀਆਂ ਚੀਜ਼ਾਂ ਨਾਲ ਕਾਹਲੇ ਨਹੀਂ ਪੈ ਸਕਦੇ।’’ ਦਿਲਚਸਪ ਪ੍ਰਾਜੈਕਟਾਂ ਦਾ ਇੰਤਜ਼ਾਰ ਕਰਨਾ ਫ਼ਿਲਮੀ ਜਗਤ ਵਿੱਚ ਅਦਾਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਉਸ ਨੇ ਕਿਹਾ, ‘‘ਤੁਹਾਨੂੰ ਇੱਕ ਸਹੀ ਮੌਕਾ ਜ਼ਰੂਰ ਮਿਲੇਗਾ ਪਰ ਤੁਸੀਂ ਉਤਾਵਲੇ ਨਹੀਂ ਹੋ ਸਕਦੇ। ਸਿਨੇ ਜਗਤ ਵਿੱਚ ਕੰਮ ਕਰਦੇ ਰਹਿਣ ਲਈ ਤੁਹਾਡੇ ਕੋਲ ਸਬਰ ਹੋਣਾ ਜ਼ਰੂਰੀ ਹੈ। ਸਹੀ ਚੀਜ਼ ਦੇ ਇੰਤਜ਼ਾਰ ਦੌਰਾਨ ਤੁਹਾਨੂੰ ਕਾਰਜਸ਼ਾਲਾਵਾਂ ਲਾਉਂਦੇ ਰਹਿਣਾ ਚਾਹੀਦਾ ਹੈ। ਅਦਾਕਾਰਾਂ ਨੂੰ ਲਗਾਤਾਰ ਰਿਆਜ਼ (ਅਭਿਆਸ) ਦੀ ਜ਼ਰੂਰਤ ਹੁੰਦੀ ਹੈ। ਅਦਾਕਾਰ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਪਈ-ਪਈ ਚੀਜ਼ ਨੂੰ ਵੀ ਜੰਗਾਲ ਲੱਗ ਜਾਂਦਾ ਹੈ।