ਮੁੰਬਈ, 20 ਅਪਰੈਲ
ਬੌਲੀਵੁੱਡ ਅਦਾਕਾਰ ਬੋਮਨ ਇਰਾਨੀ ਦਾ ਮੰਨਣਾ ਹੈ ਕਿ ਚੰਗੀ ਲਿਖਤ ਸਮੇਂ ਦੀ ਲੋੜ ਹੈ। ਅਜਿਹੇ ਸਮੇਂ ਜਦੋਂ ਓਟੀਟੀ ਪਲੇਟਫਾਰਮ ਦਰਸ਼ਕਾਂ ਨੂੰ ਕਈ ਤਰ੍ਹਾਂ ਦੇ ਵਿਕਲਪ ਪ੍ਰਦਾਨ ਕਰਦਾ ਹੈ ਤਾਂ ਦਰਸ਼ਕਾਂ ਦੀ ਰੁਚੀ ਬਣਾਈ ਰੱਖਣ ਲਈ ਚੰਗੀ ਲਿਖਤ ਜ਼ਰੂਰੀ ਹੈ। ਬੋਮਨ ਇਰਾਨੀ ਨੇ ਕਿਹਾ, ‘ਓਟੀਟੀ ਪਲੇਟਫਾਰਮ ਸਿਰਫ ਲੇਖਕਾਂ ਨੂੰ ਹੀ ਨਹੀਂ, ਸਗੋਂ ਅਦਾਕਾਰਾਂ ਅਤੇ ਤਕਨੀਸ਼ੀਅਨਾਂ ਨੂੰ ਵੀ ਮੌਕਾ ਦਿੰਦਾ ਹੈ। ਹਾਲਾਂਕਿ, ਓਟੀਟੀ ’ਤੇ ਹਜ਼ਾਰਾਂ ਵਿਕਲਪ ਹਨ। ਜੇ ਤੁਸੀਂ ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਤਾਂ ਇਸ ਨੂੰ ਰੱਦ ਕਰਨ ਵਿੱਚ 10 ਤੋਂ 15 ਮਿੰਟ ਲੱਗਦੇ ਹਨ। ਚੰਗੀ ਲਿਖਤ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ, ਜੋ ਬਾਕੀ ਸ਼ੋਅਜ਼ ’ਤੇ ਵੀ ਲਾਗੂ ਹੁੰਦੀ ਹੈ। ਲਿਖਤ ਓਟੀਟੀ ਪਲੇਟਫਾਰਮ ’ਤੇ ਸੁਪਰਸਟਾਰ ਬਣ ਗਈ ਹੈ।’ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ, ‘ਜੇ ਤੁਹਾਡੀ ਸਕ੍ਰਿਪਟ ਚੰਗੀ ਨਹੀਂ ਹੈ ਤਾਂ ਤੁਹਾਡੀ ਅਦਾਕਾਰੀ ਵੀ ਚੰਗੀ ਨਹੀਂ ਹੋਵੇਗੀ ਅਤੇ ਮੈਂ ਇਹ ਗੱਲ ਫ਼ਿਲਮਾਂ ਦੀ ਵੱਡੇ ਪਰਦੇ ’ਤੇ ਰਿਲੀਜ਼ ਬਾਰੇ ਵੀ ਕਹਿੰਦਾ ਹਾਂ। ਤੁਹਾਨੂੰ ਕਮਜ਼ੋਰ ਕਹਾਣੀਆਂ ਕਿਉਂ ਚਾਹੀਦੀਆਂ ਹਨ? ਮਹਿਜ਼ ਥੀਏਟਰ ’ਚ ਥਾਂ ਲਈ?’ ਇਹ ਪੁੱਛਣ ’ਤੇ ਕਿ ਕੀ ਓਟੀਟੀ ਪਲੇਟਫਾਰਮ ਵੱਡੇ ਪਰਦੇ ਦੇ ਤਜਰਬੇ ਨੂੰ ਬਦਲ ਦੇਵੇਗਾ ਤਾਂ ਅਭਿਨੇਤਾ ਨੇ ਜਵਾਬ ਦਿੱਤਾ, ‘ਜਦੋਂ ਟੈਲੀਵਿਜ਼ਨ ਆਇਆ ਤਾਂ ਇਕ ਵਾਰ ਸਿਨੇਮਾਘਰਾਂ ਵਿੱਚ ਭੀੜ ਘਟ ਗਈ ਸੀ ਪਰ ਮੁੜ ਲੋਕਾਂ ਨੇ ਸਿਨੇਮਾ ਵੱਲ ਰੁਖ ਕੀਤਾ। ਮੈਨੂੰ ਲੱਗਦਾ ਹੈ ਕਿ ਵੱਡਾ ਪਰਦਾ ਬਿਲਕੁਲ ਵੱਖਰਾ ਤਜਰਬਾ ਹੈ। ਫਿਲਮਾਂ ਵੱਡੇ ਪਰਦੇ ਲਈ ਬਣੀਆਂ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਇਹ ਪਰਿਵਾਰਕ ਤਜਰਬਾ ਹੈ, ਜਿਸ ਦੀ ਲੋਕ, ਖਾਸ ਤੌਰ ’ਤੇ ਭਾਰਤੀ ਉਡੀਕ ਕਰਦੇ ਹਨ। ਇੱਕ ਵਿਸ਼ਾਲ ਪਰਦਾ ਅਤੇ ਸ਼ਾਨਦਾਰ ਧੁਨੀ ਹਮੇਸ਼ਾ ਲਈ ਕਿਸੇ ਉਸ ਚੀਜ਼ ਨਾਲ ਨਹੀਂ ਮਿਟਾਈ ਜਾ ਸਕਦੀ, ਜੋ ਤੁਹਾਡੇ ਫੋਨ ’ਤੇ ਪ੍ਰਦਰਸ਼ਿਤ ਹੁੰਦੀ ਹੈ।’