ਮੁੰਬਈ, ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਜੇਕਰ ਟੈਸਟ ਕ੍ਰਿਕਟ ਚੰਗੀਆਂ ਪਿੱਚਾਂ ’ਤੇ ਖੇਡੀ ਜਾਵੇ ਤਾਂ ਇਹ ਕਾਫ਼ੀ ਮਨੋਰੰਜਕ ਹੋ ਸਕਦੀ ਹੈ। ਉਸ ਦਾ ਮੰਨਣਾ ਹੈ ਕਿ ਇਸ ਦੇ ਉਭਾਰ ਲਈ 22 ਗਜ ਦੀ ਪਿੱਚ ਕਾਫ਼ੀ ਅਹਿਮ ਹੈ। ਆਪਣੀ ਗੱਲ ਦਾ ਸਮਰਥਨ ਕਰਨ ਲਈ ਤੇਂਦੁਲਕਰ ਨੇ ਉਦਾਹਰਨ ਦਿਦਿਆਂ ਕਿਹਾ ਕਿ ਬੀਤੇ ਹਫ਼ਤੇ ਲਾਰਡਜ਼ ਵਿੱਚ ਐਸ਼ੇਜ਼ ਟੈਸਟ ਲਈ ਬਣਾਈ ਪਿੱਚ ’ਤੇ ਸਟੀਵ ਸਮਿੱਥ ਅਤੇ ਜੋਫਰਾ ਆਰਚਰ ਵਿਚਾਲੇ ਦਿਲਚਸਪ ਮੁਕਾਬਲਾ ਹੋਇਆ।
ਤੇਂਦੁਲਕਰ ਨੇ ਕਿਹਾ, ‘‘ਟੈਸਟ ਕ੍ਰਿਕਟ ਦੀ ਅਹਿਮੀਅਤ ਪਿੱਚ ’ਤੇ ਨਿਰਭਰ ਹੁੰਦੀ ਹੈ। ਜੇਕਰ ਤੁਸੀਂ ਚੰਗੀਆਂ ਪਿੱਚਾਂ ਦਿੰਦੇ ਹੋ ਤਾਂ ਕ੍ਰਿਕਟ ਕਦੇ ਵੀ ਉਭਾਊ ਨਹੀਂ ਹੋ ਸਕਦੀ। ਇਸ ਨਾਲ ਮੈਚ ਦੌਰਾਨ ਹਮੇਸ਼ਾ ਦਿਲਚਸਪੀ ਬਣੀ ਰਹੇਗੀ, ਗੇਂਦਬਾਜ਼ੀ ਸਪੈਲ ਵੀ ਰੋਮਾਂਚਕ ਹੋਣਗੇ, ਚੰਗੀ ਬੱਲੇਬਾਜ਼ੀ ਹੋਵੇਗੀ ਅਤੇ ਲੋਕ ਇਹੀ ਵੇਖਣਾ ਚਾਹੁੰਦੇ ਹਨ।’’ ਉਨ੍ਹਾਂ ਇਹ ਗੱਲ ਮੁੰਬਈ ਹਾਫ਼ ਮੈਰਾਥਨ ਮੌਕੇ ਕਹੀ।
ਤੇਂਦੁਲਕਰ ਨੇ ਆਰਚਰ ਅਤੇ ਸਮਿੱਥ ਵਿਚਾਲੇ ਮੁਕਾਬਲੇ ਬਾਰੇ ਕਿਹਾ, ‘‘ਮਾੜੀ ਕਿਸਮਤ ਨੂੰ ਸਮਿੱਥ ਜ਼ਖ਼ਮੀ ਹੋ ਗਿਆ। ਇਹ ਉਸ ਦੇ ਲਈ ਵੱਡਾ ਝਟਕਾ ਸੀ, ਪਰ ਟੈਸਟ ਕ੍ਰਿਕਟ ਉਦੋਂ ਰੋਮਾਂਚਕ ਸੀ, ਜਦੋਂ ਜੋਫਰਾ ਆਰਚਰ ਉਸ ਨੂੰ ਚੁਣੌਤੀ ਦੇ ਰਿਹਾ ਸੀ। ਇਹ ਅਚਾਨਕ ਹੀ ਦਿਲਚਸਪ ਬਣ ਗਿਆ ਸੀ ਅਤੇ ਸਾਰਿਆਂ ਦਾ ਧਿਆਨ ਟੈਸਟ ਕ੍ਰਿਕਟ ਵੱਲ ਚਲਾ ਗਿਆ ਸੀ।’’ ਤੇਂਦੁਲਕਰ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਜੇਕਰ ਅਸੀਂ ਰੌਚਕ ਪਿੱਚਾਂ ਤਿਆਰ ਕਰਦੇ ਹਾਂ ਤਾਂ ਟੈਸਟ ਕ੍ਰਿਕਟ ਮੁੜ ਦਿਲਚਸਪ ਹੋ ਜਾਵੇਗੀ। ਪਰ ਜੇਕਰ ਪਿੱਚਾਂ ਸਪਾਟ ਹਨ ਤਾਂ ਟੈਸਟ ਕ੍ਰਿਕਟ ਦੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ।’’