ਹੈਮਿਲਟਨ, -ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਭੁਵਨੇਸ਼ਵਰ ਕੁਮਾਰ ਨੇ ਚੌਥੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ ਤੋਂ ਮਿਲੀ ਅੱਠ ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਲੜੀ ਦੇ ਬਾਕੀ ਰਹਿੰਦੇ ਮੈਚਾਂ ਤੋਂ ਪਹਿਲਾਂ ਅਸਲੀਅਤ ਦਾ ਪਤਾ ਲੱਗ ਗਿਆ ਹੈ ਅਤੇ ਮੁੜ ਰਣਨੀਤੀ ਉੱਤੇ ਵਿਚਾਰ ਕਰਨ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਟੀਮ ਨੂੰ ਕਪਤਾਨ ਵਿਰਾਟ ਕੋਹਲੀ ਦੀ ਘਾਟ ਰੜਕੀ ਹੈ।ਭਾਰਤ ਦੀ ਦਮਦਾਰ ਬੱਲੇਬਾਜ਼ੀ ਚੌਥੇ ਇੱਕ ਰੋਜ਼ਾ ਵਿਚ 30.5 ਓਵਰਾਂ ਵਿਚ ਹੀ 92 ਦੌੜਾਂ ਉੱਤੇ ਢੇਰ ਹੋ ਗਈ। ਨਿਊਜ਼ੀਲੈਂਡ ਪਹਿਲਾਂ ਹੀ ਲੜੀ ਗਵਾ ਚੁੱਕਾ ਹੈ ਅਤੇ ਇਹ ਉਸਦੀ ਪਹਿਲੀ ਜਿੱਤ ਹੈ।
ਭੁਵਨੇਸ਼ਵਰ ਨੇ ਮੈਚ ਤੋਂ ਬਾਅਦ ਕਿਹਾ,‘ ਜੇ ਤੁਸੀ ਪਿਛਲੇ ਕੁੱਝ ਮਹੀਨਿਆਂ ਵਿਚ ਸਾਡੀ ਖੇਡ ਨੂੰ ਧਿਆਨ ਦੇ ਨਾਲ ਦੇਖੋਂ ਤਾਂ ਅਸੀਂ ਚੰਗੀ ਕ੍ਰਿਕਟ ਖੇਡੀ ਹੈ ਅਤੇ ਅਜਿਹੇ ਮੈਚਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਅੱਜ ਦੀ ਹਾਰ ਦੇ ਨਾਲ ਅਸਲੀਅਤ ਦਾ ਪਤਾ ਲੱਗ ਗਿਆ ਹੈ ਕਿ ਅਗਲੇ ਮੈਚਾਂ ਵਿਚ ਅਸੀਂ ਕੀ ਕਰਨਾ ਹੈ।’ ਉਨ੍ਹਾਂ ਕਿਹਾ ਕਿ ਲੜੀ ਜਿੱਤਣ ਬਾਅਦ ਅਸੀਂ ਆਤਮ ਵਿਸ਼ਵਾਸ ਦੇ ਨਾਲ ਭਰੇ ਸੀ ਪਰ ਚੀਜ਼ਾਂ ਸਾਡੇ ਅਨੁਕੂਲ ਨਹੀਂ ਰਹੀਆਂ। ‘ ਮੈਂ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਤੋਂ ਜਿੱਤ ਦਾ ਸਿਹਰਾ ਵਾਪਿਸ ਨਹੀਂ ਲੈਣਾ ਚਾਹੁੰਦਾ। ਉਨ੍ਹਾਂ ਨੇ ਅਸਲ ਦੇ ਵਿਚ ਹੀ ਵਧੀਆ ਗੇਂਦਬਾਜ਼ੀ ਕੀਤੀ ਅਤੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਵੇਲਿੰਗਟਨ ਪੰਜਵੇਂ ਅਤੇ ਲੜੀ ਦੇ ਆਖ਼ਰੀ ਮੈਚ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਛੇ ਫਰਵਰੀ ਤੋਂ ਤਿੰਨ ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ।