ਅਹਿਮਦਾਬਾਦ, 5 ਮਾਰਚ:ਇੱਥੋਂ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਅੱਜ ਹੋਏ ਚੌਥੇ ਤੇ ਆਖ਼ਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਭਾਰਤ ਨੇ ਇੰਗਲੈਂਡ ਨੂੰ 205 ਦੌੜਾਂ ’ਤੇ ਆਊਟ ਕਰ ਦਿੱਤਾ ਪਰ ਜਵਾਬ ਵਿੱਚ ਭਾਰਤ ਦੀ ਪਹਿਲੀ ਵਿਕਟ ਛੇਤੀ ਡਿੱਗ ਗਈ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ’ਤੇ 24 ਦੌੜਾਂ ਬਣਾ ਲਈਆਂ ਸਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਟੀਮ ਇੱਕ ਵਾਰ ਮੁੜ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੀ। ਬੈੱਨ ਸਟੋਕਸ (55) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਲੰਮੇ ਸਮੇਂ ਤਕ ਨਹੀਂ ਟਿਕ ਸਕਿਆ। ਸਪਿੰਨਰ ਅਕਸ਼ਰ ਪਟੇਲ ਨੇ 68 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਰਵੀਚੰਦਰਨ ਅਸ਼ਵਿਨ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਦੋ ਵਿਕਟਾਂ ਮਿਲੀਆਂ। ਭਾਰਤੀ ਖਿਡਾਰੀ ਰੋਹਿਤ ਸ਼ਰਮਾ ਤੇ ਚੇਤੇਸ਼ਵਰ ਪੁਜਾਰਾ 15 ਦੌੜਾਂ ਬਣਾ ਕੇ ਨਾਬਾਦ ਹਨ। ਖੇਡ ਦੀ ਤੀਜੀ ਗੇਂਦ ’ਤੇ ਹੀ ਸ਼ੁਭਮਨ ਗਿੱਲ ਆਊਟ ਹੋ ਗਿਆ। ਜੇਮਸ ਐਂਡਰਸਨ ਨੇ ਉਸ ਦੀ ਵਿਕਟ ਲਈ। ਉਸ ਸਮੇਂ ਭਾਰਤ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ। ਭਾਰਤ ਇਸ ਲੜੀ ’ਚ 2-1 ਨਾਲ ਅੱਗੇ ਹੈ ਤੇ ਇਸ ਨੂੰ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿੱਚ ਪੁੱਜਣ ਲਈ ਡਰਾਅ ਦੀ ਲੋੜ ਹੈ। ਨਿਊਜ਼ੀਲੈਂਡ ਫਾਈਨਲ ’ਚ ਪੁੱਜ ਚੁੱਕਾ ਹੈ।