ਨਵੀਂ ਦਿੱਲੀ, 29 ਜੁਲਾਈ
ਅਨਿਲ ਕੁੰਬਲੇ ਦੀ ਅਗਵਾਈ ਵਾਲੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਆਪਣੀ ਅਗਲੀ ਮੀਟਿੰਗ ਵਿੱਚ ਇਤਿਹਾਸਕ ਵਿਸ਼ਵ ਕੱਪ ਫਾਈਨਲ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰੇਗੀ। ਇਸ ਵਿੱਚ ਚੌਕੇ-ਛੱਕੇ (ਬਾਊਂਡਰੀ) ਗਿਣਨ ਦਾ ਵਿਵਾਦਮਈ ਨਿਯਮ ਵੀ ਸ਼ਾਮਲ ਹੈ।
ਆਈਸੀਸੀ ਦੇ ਕ੍ਰਿਕਟ ਜਨਰਲ ਮੈਨੇਜਰ ਜਿਆਫ ਅਲਰਡਾਈਸ ਨੇ ਇਹ ਜਾਣਕਾਰੀ ਦਿੱਤੀ। ਲਾਰਡਜ਼ ’ਤੇ 14 ਜੁਲਾਈ ਨੂੰ ਹੋਏ ਵਿਸ਼ਵ ਕੱਪ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਘੱਟ ਚੌਕੇ-ਛੱਕੇ ਲਾਉਣ ਕਾਰਨ ਵਿਸ਼ਵ ਖ਼ਿਤਾਬ ਗੁਆ ਲਿਆ ਸੀ, ਜਿਸ ਮਗਰੋਂ ਕਈ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੇ ਕਿਵੀ ਟੀਮ ਨਾਲ ਹਮਦਰਦੀ ਪ੍ਰਗਟਾਈ ਸੀ।
ਮੇਜ਼ਬਾਨ ਇੰਗਲੈਂਡ ਨੂੰ 22 ਚੌਕੇ ਅਤੇ ਦੋ ਛੱਕੇ ਮਾਰਨ ਕਾਰਨ ਜੇਤੂ ਐਲਾਨਿਆ ਗਿਆ ਸੀ, ਜਦਕਿ ਨਿਊਜ਼ੀਲੈਂਡ ਟੀਮ ਦੀਆਂ 17 ਬਾਊਂਡਰੀਆਂ ਸਨ। ਤੈਅ ਓਵਰਾਂ ਮਗਰੋਂ ਸੁਪਰ ਓਵਰ ਵੀ ਟਾਈ ਰਹਿਣ ਕਾਰਨ ਜੇਤੂ ਦਾ ਫ਼ੈਸਲਾ ਕਰਨ ਲਈ ਇਸ ਨਿਯਮ ਦਾ ਸਹਾਰਾ ਲਿਆ ਗਿਆ ਸੀ।
‘ਈਐੱਸਪੀਐੱਨਕ੍ਰਿਕਇੰਫੋ’ ਨੇ ਅਲਰਡਾਈਸ ਦੇ ਹਵਾਲੇ ਨਾਲ ਕਿਹਾ, ‘‘ਆਈਸੀਸੀ ਟੂਰਨਾਮੈਂਟ ਵਿੱਚ 2009 ਤੋਂ ਮੈਚ ਟਾਈ ਹੋਣ ਦੀ ਸਥਿਤੀ ਵਿੱਚ ਜੇਤੂ ਦਾ ਫ਼ੈਸਲਾ ਕਰਨ ਲਈ ਸੁਪਰ ਓਵਰ ਦੀ ਵਰਤੋਂ ਕੀਤੀ ਜਾ ਰਹੀ ਹੈ। ਸੁਪਰ ਓਵਰ ਵੀ ਟਾਈ ਹੋਣ ਮਗਰੋਂ ਮੈਚ ਦਾ ਨਤੀਜਾ ਉਸੇ ਮੈਚ ਵਿੱਚ ਹੋਈ ਕਿਸੇ ਚੀਜ਼ ਦੇ ਆਧਾਰ ’ਤੇ ਕੱਢਣਾ ਸੀ। ਇਸ ਲਈ ਇਹ ਹਮੇਸ਼ਾ ਉਸ ਮੈਚ ਵਿੱਚ ਲੱਗੀਆਂ ਬਾਊਂਡਰੀਆਂ ਦੀ ਗਿਣਤੀ ਨਾਲ ਜੁੜਿਆ ਸੀ।
ਆਈਸੀਸੀ ਅਧਿਕਾਰੀ ਨੇ ਕਿਹਾ ਕਿ ਚੌਕੇ-ਛੱਕੇ ਗਿਣਨ ਦੇ ਨਿਯਮ ਦੀ ਵਰਤੋਂ ਕੀਤੀ ਗਈ ਕਿਉਂਕਿ ਇਹ ਦੁਨੀਆਂ ਭਰ ਦੀ ਟੀ-20 ਲੀਗ ਵਿੱਚ ਵਰਤਿਆ ਜਾਂਦਾ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀਆਂ ਦੀ ਕਮੇਟੀ (ਸੀਈਸੀ) ਦੀ ਸਾਲਾਨਾ ਮੀਟਿੰਗ ਵਿੱਚ ਇਸ ’ਤੇ ਚਰਚਾ ਨਹੀਂ ਹੋਈ ਕਿ ਕੀ ਭਵਿੱਖ ਵਿੱਚ ਵਿਸ਼ਵ ਕੱਪ ਸਾਂਝਾ ਕਰਨਾ ਬਦਲ ਹੋ ਸਕਦਾ ਹੈ।