ਨਵੀਂ ਦਿੱਲੀ, 15 ਜੁਲਾਈ

ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਡੋਮੀਨਿਕਾ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਐਂਟੀਗੁਆ ਅਤੇ ਬਾਰਬੁਡਾ ਪਹੁੰਚ ਗਿਆ ਹੈ। ਉਸ ਨੂੰ ਡੋਮੀਨਿਕਾ ਵਿਚ ਗੈਰਕਾਨੂੰਨੀ ਦਾਖਲ ਹੋਣ ਦੇ ਦੋਸ਼ ਵਿਚ 51 ਦਿਨਾਂ ਲਈ ਨਜ਼ਰਬੰਦ ਕੀਤਾ ਗਿਆ ਸੀ। ਭਾਰਤ ’ਚੋਂ ਫਰਾਰ ਹੋਣ ਤੋਂ ਬਾਅਦ ਚੋਕਸੀ ਸਾਲ 2018 ਤੋਂ ਐਂਟੀਗੁਆ ਅਤੇ ਬਾਰਬੁਡਾ ਵਿੱਚ ਰਹਿ ਰਿਹਾ ਹੈ। ਉਸ ਨੇ ਉਥੇ ਨਾਗਰਿਕਤਾ ਵੀ ਲਈ ਹੈ। ਚੋਕਸੀ ‘ਤੇ ਡੋਮੀਨੀਕਾ ਵਿੱਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਦਾ ਦੋਸ਼ ਹੈ, ਜਦਕਿ ਉਸ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਇਹ ਉਸ ਨੂੰ ਅਗਵਾ ਕਰਨ ਦੀ ਸਾਜਿਸ਼ ਸੀ। ਡੋਮੀਨਿਕਾ ਹਾਈ ਕੋਰਟ ਨੇ ਚੋਕਸੀ (62) ਨੂੰ ਉਸ ਦੇ ਇਲਾਜ ਲਈ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ 10,000 ਈਸਟਰਨਬੀ ਕੈਰੇਬੀਅਨ ਡਾਲਰ (ਤਕਰੀਬਨ ਪੌਣੇ 3 ਲੱਖ ਰੁਪਏ) ਅਦਾ ਕਰਨ ਤੋਂ ਬਾਅਦ ਚੋਕਸੀ ਨੂੰ ਐਂਟੀਗੁਆ ਜਾਣ ਦੀ ਆਗਿਆ ਦਿੱਤੀ। ਚੋਕਸੀ ਨੇ ਆਪਣੀ ਡਾਕਟਰੀ ਰਿਪੋਰਟ ਵੀ ਪੇਸ਼ ਕੀਤੀ ਸੀ, ਜਿਸ ਵਿਚ ‘ਸੀਟੀ ਸਕੈਨ’ ਵੀ ਸ਼ਾਮਲ ਸੀ। ਰਿਪੋਰਟ ਵਿੱਚ ਉਸ ਦੇ ਹੇਮਾਟੋਮਾ (ਦਿਮਾਗ ਨਾਲ ਸਬੰਧਤ ਬਿਮਾਰੀ) ਵਿਗੜਨ ਦਾ ਦਾਅਵਾ ਕੀਤਾ ਗਿਆ ਸੀ।