ਚੰਡੀਗੜ੍ਹ, 27 ਮਈ:  ਚੋਣ ਕਮਿਸ਼ਨ ਵੱਲੋਂ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਤਬਦੀਲ ਕਰਨ ਦੇ ਕੀਤੇ ਗਏ ਹੁਕਮਾਂ ਤੋਂ ਬਾਅਦ ਸੰਖੇਪ ਵਿਰਾਮ ਪਿਛੋਂ ਉਹ ਗੋਲੀਬਾਰੀ ਅਤੇ ਬੇਅਦਬੀ ਦੀਆਂ ਘਟਨਾਵਾਂ ਦੀ ਐਸ.ਆਈ.ਟੀ ਜਾਂਚ ਨੂੰ ਅੱਗੇ ਵਧਾਉਣ ਲਈ ਵਾਪਸ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸ਼ਾਸਨ ਦੌਰਾਨ ਬੇਅਦਬੀ ਅਤੇ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਕਰਨ ਦੀਆਂ ਘਟਨਾਵਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ।

      ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਗ੍ਰਹਿ ਵਿਭਾਗ ਦੇ ਵੀ ਮੁੱਖੀ ਹਨ, ਨੇ ਚੋਣ ਪ੍ਰਚਾਰ ਦੌਰਾਨ ਸਪਸ਼ਟ ਐਲਾਨ ਕੀਤਾ ਸੀ ਕਿ ਆਈ. ਜੀ ਕੁੰਵਰ ਪ੍ਰਤਾਪ ਜਾਂਚ ਨੂੰ ਮੁਕੰਮਲ ਕਰਨ ਲਈ ਵਾਪਸ ਆਉਣਗੇ ਅਤੇ ਐਸ.ਆਈ.ਟੀ ਦੀ ਪੜਤਾਲ ਨੂੰ ਅੰਤਿਮ ਸਿੱਟੇ ਤੱਕ ਪਹੁੰਚਾਇਆ ਜਾਵੇਗਾ। ਚੋਣ ਜਾਬਤਾ ਹਟਣ ਤੋਂ ਇਕ ਦਿਨ ਬਾਅਦ ਉਹ ਵਾਪਸ ਇਸ ਕੰਮ ਲਈ ਆ ਗਏ ਹਨ। ਗੌਰਤਲਬ ਹੈ ਕਿ ਚੋਣ ਜਾਬਤਾ ਰਸਮੀ ਤੌਰ ‘ਤੇ ਐਤਵਾਰ ਸ਼ਾਮ ਨੂੰ ਖਤਮ ਹੋਇਆ ਹੈ।

      ਪੰਜਾਬ ਦੇ ਰਾਜਪਾਲ ਦੀ ਤਰਫੋਂ ਗ੍ਰਹਿ ਸਕੱਤਰ ਐਨ. ਐਸ ਕਲਸੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਤਬਦੀਲ ਕਰਕੇ ਆਈ.ਜੀ.ਪੀ , ਓ.ਸੀ.ਸੀ.ਯੂ (ਸੰਗਠਿਤ ਅਪਰਾਧ ਨਿਯੰਤਰਣ ਯੂਨਿਟ) ਅਤੇ ਵਧੀਕ ਚਾਰਜ ਆਈ.ਜੀ.ਪੀ ਕਾਉਂਟਰ ਇੰਟੈਲੀਜੈਂਸ, ਅੰਮ੍ਰਿਤਸਰ ਲਾਇਆ ਗਿਆ ਹੈ।

      ਆਈ.ਜੀ ਨੂੰ ਚੋਣ ਜਾਬਤੇ ਦੀ ਕਥਿਤ ਉਲੰਘਣਾ ਦੇ ਲਈ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਓ.ਸੀ.ਸੀ.ਯੂ ਤੋਂ ਬਦਲ ਕੇ ਕਾਉਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ ਨੂੰ ਮੁੱਖ ਮੰਤਰੀ ਨੇ ਵੀ ਗਲਤ ਦੱਸਿਆ ਸੀ। ਚੋਣ ਮੁਹਿੰਮ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਰਕਮ ਸਿੰਘ ਮਜੀਠਿਆ ਦੀਆਂ ਧਮਕੀਆਂ ਦੇ ਵੀ  ਉਹ ਸ਼ਿਕਾਰ ਬਣੇ ਸਨ ਜਿਸ ਦੇ ਨਤੀਜੇ ਵੱਜੋਂ ਡਰਾਉਣ-ਧਮਕਾਉਣ ਅਤੇ ਮਾਨਹਾਨੀ ਦਾ ਕੇਸ ਪੰਜਾਬ ਸਰਕਾਰ ਵੱਲੋਂ ਦਾਇਰ ਕੀਤਾ ਗਿਆ ਹੈ।

      ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਦੋਂ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਬਦਲਿਆ ਗਿਆ ਸੀ ਉਸ ਸਮੇਂ ਉਹ ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਬਰਗਾੜੀ ਤੇ ਹੋਰ ਬੇਅਦਬੀ ਦੀਆਂ ਘਟਨਾਵਾਂ ਦੀ ਐਸ.ਆਈ.ਟੀ ਦੀ ਜਾਂਚ ਦਾ ਕਿਰਿਆਸ਼ੀਲ ਹਿੱਸਾ ਸਨ। ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਬਦਲੀ ਦੇ ਹੁਕਮ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਜ਼ਾਰੀ ਕੀਤੇ ਗਏ ਸਨ। ਬਾਦਲਾਂ ਸਣੇ ਇਨ੍ਹਾਂ ਦੇ ਉਚ ਕੋਟੀ ਦੇ ਲੀਡਰ ਇਸ ਪੜਤਾਲ ਦੇ ਦਾਇਰੇ ਵਿੱਚ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਥਾਪਤ ਕੀਤੇ ਰਣਜੀਤ ਸਿੰਘ ਕਮਿਸ਼ਨ ਨੇ ਵੀ ਇਨ੍ਹਾਂ ਕੇਸਾਂ ਦੀ ਜਾਂਚ ਕੀਤੀ ਸੀ ਅਤੇ ਉਸ ਨੇ ਬਾਦਲਾਂ ਦੀ ਭੂਮਿਕਾ ਦੇ ਬਾਰੇ ਅੱਗੇ ਹੋਰ ਜਾਂਚ ਦਾ ਸੁਝਾਅ ਦਿੱਤਾ ਸੀ ਜਿਸ ਦੀ ਹੁਣ ਐਸ.ਆਈ.ਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

      ਕੈਪਟਨ ਅਮਰਿੰਦਰ ਸਿੰਘ ਨੇ ਵਾਰ-ਵਾਰ ਆਖਿਆ ਹੈ ਕਿ ਸ਼ਾਂਤੀਪੂਰਨ ਵਿਖਾਵਾ ਕਰ ਰਹੇ ਲੋਕਾਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਸ ਕੋਲ ਗ੍ਰਹਿ ਵਿਭਾਗ ਵੀ ਸੀ, ਦੀ ਜਾਣਕਾਰੀ ਤੋਂ ਬਿਨਾਂ ਗੋਲੀ ਚਲਾਉਣਾ ਸੰਭਵ ਨਹੀਂ ਹੋ ਸਕਦਾ ਸੀ। ਮੁੱਖ ਮਤੰਰੀ ਨੇ ਵਾਅਦਾ ਕੀਤਾ ਹੈ ਕਿ ਐਸ.ਆਈ.ਟੀ ਦੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਕਾਨੂੰਨ ਦੇ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।