ਮਾਸਕੋ, 18 ਜੂਨ
ਮੌਜੂਦਾ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਐਫ’ ਮੁਕਾਬਲੇ ਵਿੱਚ ਅੱਜ ਆਪਣੇ ਖ਼ਿਤਾਬ ਬਚਾਉਣ ਦੀ ਮੁਹਿੰਮ ਨੂੰ ਤਕੜਾ ਝਟਕਾ ਲੱਗਿਆ ਹੈ। ਮੈਕਸਿਕੋ ਨੇ ਉਸ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬਰਾਜ਼ੀਲ ਵਿੱਚ 2014 ਵਿੱਚ ਫੀਫਾ ਵਿਸ਼ਵ ਕੱਪ ਦੀ ਚੈਂਪੀਅਨ ਟੀਮ ਜਰਮਨੀ ਨੂੰ ਮੈਕਸਿਕੋ ਨੇ ਇੱਕੋ-ਇੱਕ ਗੋਲ ਨਾਲ ਹਰਾਇਆ, ਜੋ ਹਾਯਰਵਿੰਗ ਲੋਜ਼ਾਨੋ ਨੇ ਮੈਚ ਦੇ 34ਵੇਂ ਮਿੰਟ ਵਿੱਚ ਦਾਗ਼ਿਆ। ਲੁਜ਼ਨਿਕੀ ਸਟੇਡੀਅਮ ਵਿੱਚ ਮੈਕਸੀਕਨ ਟੀਮ ਦੇ ਇਸ ਗੋਲ ਮਗਰੋਂ ਦਰਸ਼ਕ ਵਿੱਚ ਜੋਸ਼ ਭਰ ਦਿੱਤਾ।
ਸਮਾਰਾ: ਦੂਜੇ ਹਾਫ ਵਿੱਚ ਅਲੈਕਜ਼ੈਂਡਰ ਕੋਲਾਰੋਵ ਦੇ ਫਰੀ ਕਿੱਕ ’ਤੇ ਕੀਤੇ ਗਏ ਗੋਲ ਦੀ ਮਦਦ ਨਾਲ ਸਰਬੀਆ ਨੇ ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਕੋਸਟਾ ਰੀਕਾ ਨੂੰ 1-0 ਗੋਲ ਨਾਲ ਹਰਾ ਦਿੱਤਾ। ਰੋਮਾ ਦੇ ਡਿਫੈਂਡਰ ਨੇ ਦੂਜੇ ਹਾਫ ਵਿੱਚ ਸ਼ਾਨਦਾਰ ਯਤਨ ਕਰਕੇ ਸਰਬੀਆ ਨੂੰ ਲੀਡ ਦਿਵਾਈ। ਸਰਬੀਆ ਨੂੰ ਲੀਡ ਦੁੱਗਣੀ ਕਰਨ ਦੇ ਕਈ ਮੌਕੇ ਮਿਲੇ, ਪਰ ਉਹ ਗੋਲ ਨਹੀਂ ਕਰ ਸਕਿਆ। ਇਸ ਜਿੱਤ ਨਾਲ ਬਰਾਜ਼ੀਲ ਅਤੇ ਸਵਿੱਟਜ਼ਰਲੈਂਡ ਖ਼ਿਲਾਫ਼ ਗਰੁੱਪ ‘ਈ’ ਦੇ ਬਾਕੀ ਮੁਕਾਬਲਿਆਂ ਤੋਂ ਪਹਿਲਾਂ ਸਰਬੀਆ ਦੀ ਸਥਿਤੀ ਮਜ਼ਬੂਤ ਹੋਈ ਹੈ। ਆਜ਼ਾਦ ਦੇਸ਼ ਵਜੋਂ ਉਹ ਪਹਿਲੀ ਵਾਰ ਆਖ਼ਰੀ-16 ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ‘ਗਰੁੱਪ ਆਫ ਡੈੱਥ’ ਕਹੇ ਜਾ ਰਹੇ ਇਸ ਗਰੁੱਪ ਵਿੱਚ ਕੋਸਟਾ ਰਿਕਾ ਨੂੰ ਹੁਣ ਬਾਕੀ ਸਾਰੇ ਮੈਚਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨਾ ਹਵੋਗਾ। ਸਰਬੀਆ ਦੇ ਕੋਚ ਮਿਲਾਡੈਨ ਕ੍ਰਸਤਾਜਿਚ ਨੇ ਬਰਾਨਿਸਲਾਵ ਇਵਾਨੋਵਿਚ ਨੂੰ ਉਨ੍ਹਾਂ ਦਾ 104ਵਾਂ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਦਿੱਤਾ। ਚੈਲਸੀ ਦਾ ਇਹ ਸਟਾਰ ਆਪਣੇ ਦੇਸ਼ ਲਈ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਪਿਛਲੇ ਵਿਸ਼ਵ ਕੱਪ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚੀ ਕੋਸਟਾ ਰੀਕਾ ਦੀ ਟੀਮ ਨੇ ਸ਼ੁਰੂਆਤ ਚੰਗੀ ਕੀਤੀ, ਪਰ ਜਿਆਂਕਾਰਲੋ ਗੋਜ਼ਾਲੇਸ ਦਾ ਹੈਡਰ ਸਿੱਧੇ ਸਰਬਿਆਈ ਗੋਲਕੀਪਰ ਦੇ ਹੱਥ ਵਿੱਚ ਗਿਆ।
–
ਸਵੀਡਨ ਖ਼ਿਲਾਫ਼ ਉਲਟਫੇਰ ਕਰਨ ਲਈ ਦ੍ਰਿੜ੍ਹ ਕੋਰੀਆ਼
ਨਿਝਨੀ ਨੋਵਗੋਰੋਦ (ਰੂਸ): ਏਸ਼ਿਆਈ ਟੀਮ ਦੱਖਣ ਕੋਰੀਆ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ ਵਿੱਚ ਸਵੀਡਨ ਖ਼ਿਲਾਫ਼ ਉਲਟਫੇਰ ਕਰਨ ਦੇ ਇਰਾਦੇ ਨਾਲ ਉਤਰੇਗੀ। ਜੇਕਰ ਉਹ ਇਹ ਮੈਚ ਜਿੱਤ ਜਾਂਦੀ ਹੈ ਤਾਂ ਇਹ ਏਸ਼ੀਆ ਮਹਾਂਦੀਪ ਦੇ ਖਾਤੇ ਵਿੱਚ ਤੀਜੀ ਜਿੱਤ ਦਰਜ ਹੋਵੇਗੀ। ਇਸ ਤੋਂ ਪਹਿਲਾਂ ਉਦਘਾਟਨੀ ਮੈਚ ਵਿੱਚ ਮੇਜ਼ਬਾਨ ਰੂਸ ਨੇ ਸਾਊਦੀ ਅਰਬ ਨੂੰ 5-0 ਗੋਲਾਂ ਅਤੇ ਇਰਾਨ ਨੇ ਮੋਰੱਕੋ ਨੂੰ 1-0 ਗੋਲ ਹਰਾਇਆ ਸੀ। ਕੋਰੀਆ ਨੂੰ ਆਪਣੇ ਇੱਕੋ-ਇੱਕ ਵਿਸ਼ਵ ਪੱਧਰੀ ਖਿਡਾਰੀ ਸੋਨ ਹਿਯੁੰਗ ਮਿਨ ਤੋਂ ਸਭ ਤੋਂ ਵੱਧ ਉਮੀਦਾਂ ਹਨ ਕਿ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਏ। ਦੂਜੇ ਪਾਸੇ, ਸਵੀਡਨ ਦੀ ਟੀਮ ਜ਼ਲਾਟਨ ਇਬਰਾਹਿਮੋਵਿਚ ਦੇ ਸਦਮੇ ਤੋਂ ਬਾਹਰ ਨਿਕਲਣ ਦਾ ਯਤਨ ਕਰੇਗੀ, ਜਿਸ ਨੇ ਸਵੀਡਨ ਲਈ 116 ਮੈਚਾਂ ਵਿੱਚ 62 ਗੋਲ ਕੀਤੇ ਸਨ। ਇਬਰਾਹਿਮੋਵਿਚ ਡੇਢ ਸਾਲ ਪਹਿਲਾਂ ਖੇਡਣਾ ਛੱਡ ਚੁੱਕਿਆ ਹੈ। ਸਵੀਡਨ ਨੇ ਨਵੰਬਰ ਵਿੱਚ ਖੇਡੇ ਪਲੇਆਫ ਦੌਰਾਨ ਇਟਲੀ ਨੂੰ ਹਰਾ ਕੇ 2006 ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। ਸਵੀਡਨ ਨੇ ਪਿਛਲੇ ਅਭਿਆਸ ਮੈਚ ਦੌਰਾਨ ਇੱਕ ਗੋਲ ਵੀ ਨਹੀਂ ਕੀਤਾ, ਜੋ ਉਸ ਦੇ ਲਈ ਚਿੰਤਾ ਦਾ ਸਬੱਬ ਹੈ। ਲਗਾਤਾਰ ਨੌਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬਰਾਜ਼ੀਲ ਵਿੱਚ ਤਿੰਨ ਗਰੁੱਪ ਮੈਚਾਂ ਵਿੱਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਸਵਦੇਸ਼ ਪਰਤਣ ’ਤੇ ਪ੍ਰਸ਼ੰਸਕਾਂ ਨੇ ਟੀਮ ’ਤੇ ਟੌਫੀਆਂ ਸੁੱਟ ਉਸ ਦਾ ਅਪਮਾਨ ਕੀਤਾ ਸੀ।
ਟਿਊਨਿਸ਼ੀਆ ਖ਼ਿਲਾਫ਼ ਇੰਗਲੈਂਡ ਨੂੰ ਜਿੱਤ ਦੀ ਉਮੀਦ
ਰੈਪਿਨੋ: ਟਿਊਨਿਸ਼ੀਆ ਖ਼ਿਲਾਫ਼ ਸੋਮਵਾਰ ਨੂੰ ਹੋਣ ਵਾਲੇ ਫੀਫਾ ਵਿਸ਼ਵ ਕੱਪ ਮੈਚ ਵਿੱਚ ਜਿੱਤ ਦਰਜ ਕਰਕੇ ਇੰਗਲੈਂਡ ਦੀ ਫੁਟਬਾਲ ਟੀਮ ਚਾਰ ਸਾਲ ਪਹਿਲਾਂ ਮਿਲੀ ਨਮੋਸ਼ੀਜਨਕ ਹਾਰ ਤੋਂ ਉਭਰਨ ਦਾ ਯਤਨ ਕਰੇਗੀ। ਇੰਗਲੈਂਡ ਪਿਛਲੇ (2014) ਵਿਸ਼ਵ ਕੱਪ ਦੇ ਗਰੁੱਪ ਗੇੜ ਤੋਂ ਬਾਹਰ ਹੋ ਗਿਆ ਸੀ। ਯੂਰੋ-2016 ਦੇ ਦੂਜੇ ਗੇੜ ਵਿੱਚੋਂ ਬਾਹਰ ਹੋਣ ਵਾਲੀ ਇੰਗਲੈਂਡ ਦੀ ਟੀਮ ਇਸ ਵਾਰ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਜੀ’ ਮੁਕਾਬਲੇ ਵਿੱਚ ਨਵੇਂ ਜੋਸ਼ ਨਾਲ ਉਤਰੇਗੀ।