ਲੰਡਨ, 6 ਜੁਲਾਈ
ਚੈੱਕ ਗਣਰਾਜ ਦੀ ਤੀਜਾ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਨੇ ਸਖ਼ਤ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦਕਿ ਮੌਜੂਦਾ ਚੈਂਪੀਅਨ ਜਰਮਨ ਦੀ ਏਂਜਲਿਕ ਕਰਬਰ ਅਤੇ ਡੈਨਮਾਰਕ ਦੀ ਕੈਰੋਲਾਈਨ ਵੋਜ਼ਨਿਆਕੀ ਨੂੰ ਬਾਹਰ ਦਾ ਰਸਤਾ ਵੇਖਣਾ ਪਿਆ। ਪੁਰਸ਼ ਵਰਗ ਵਿੱਚ, ਰਾਫੇਲ ਨਡਾਲ, ਰੋਜਰ ਫੈਡਰਰ, ਮਿਲੋਸ ਰਾਓਨਿਚ, ਰੌਬਰਟੋ ਬਤਿਸਤਾ ਆਗੁਟ ਅਤੇ ਬੇਨੋਟ ਪੀਅਰ ਅੱਗੇ ਵਧਣ ਵਿੱਚ ਸਫਲ ਰਹੇ।
ਪਲਿਸਕੋਵਾ ਨੇ ਤੀਜੇ ਗੇੜ ਦੇ ਮੈਚ ਵਿੱਚ ਤਾਇਵਾਨ ਦੀ ਸੀਹ ਸੂ ਵੇਈ ਨੂੰ 6-3, 2-6, 6-4 ਨਾਲ ਹਰਾਇਆ। ਯੂਕਰੇਨੀ ਖਿਡਾਰਨ ਇਲੀਨਾ ਸਵਿਤਲੋਨਾ ਨੇ ਯੂਨਾਨ ਦੀ ਮਾਰੀਆ ਸੱਕਾਰੀ ਨੂੰ 6-3, 6-7 (1), 6-2 ਨਾਲ ਮਾਤ ਦਿੱਤੀ। 14ਵਾਂ ਦਰਜਾ ਪ੍ਰਾਪਤ ਵੋਜ਼ਨਿਆਕੀ ਚੀਨ ਦੀ ਗ਼ੈਰ-ਦਰਜਾ ਪ੍ਰਾਪਤ ਸ਼ੁਹਾਈ ਚਾਂਗ ਤੋਂ 6-4, 6-2 ਨਾਲ ਹਾਰ ਕੇ ਬਾਹਰ ਹੋ ਗਈ।
ਪੁਰਸ਼ ਵਰਗ ਵਿੱਚ ਕੈਨੇਡਾ ਦੇ 15ਵਾਂ ਦਰਜਾ ਪ੍ਰਾਪਤ ਰਾਓਨਿਚ ਨੇ ਤੀਜੇ ਗੇੜ ਵਿੱਚ ਅਮਰੀਕਾ ਦੇ ਰੀਲੀ ਓਪੇਲਕਾ ਨੂੰ 7-6 (1), 6-2, 6-1 ਨਾਲ ਹਰਾਇਆ। ਸਪੇਨ ਦੇ ਬਾਤਿਸਤਾ ਆਗੁਤ ਨੇ ਰੂਸ ਦੇ ਦਸਵਾਂ ਦਰਜਾ ਪ੍ਰਾਪਤ ਕਾਰੇਨ ਖਾਚਨੋਵ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ।
ਇਸ ਤੋਂ ਪਹਿਲਾਂ ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਨੇ ਵਿੰਬਲਡਨ ਟੈਨਿਸ ਗਰੈਂਡ ਸਲੈਮ ਦੇ ਦੂਜੇ ਗੇੜ ਵਿੱਚ ਨਿੱਕ ਕਿਰਗਿਓਸ ਨੂੰ ਸ਼ਿਕਸਤ ਦਿੱਤੀ, ਜਦਕਿ ਮਹਿਲਾ ਵਰਗ ਵਿੱਚ ਜਰਮਨ ਦੀ ਏਂਜਲਿਕ ਕਰਬਰ ਨੂੰ ਉੁਲਟਫੇਰ ਦਾ ਸ਼ਿਕਾਰ ਹੋਣਾ ਪਿਆ। ਉਹ ਤਿੰਨ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਅਮਰੀਕਾ ਦੀ ਲੌਰੇਨ ਡੇਵਿਸ ਤੋਂ 2-6, 6-2, 6-1 ਨਾਲ ਹਾਰ ਗਈ। 33 ਸਾਲ ਦੇ ਨਡਾਲ ਨੇ ਚਾਰ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਆਸਟਰੇਲਿਆਈ ਖਿਡਾਰੀ ਕਿਰਗਿਓਸ ’ਤੇ 6-3, 3-6, 7-6, 7-6 ਨਾਲ ਜਿੱਤ ਹਾਸਲ ਕੀਤੀ।
ਇਸ ਦੌਰਾਨ ਕਿਰਗਿਓਸ ਨੂੰ ਖੇਡ ਭਾਵਨਾ ਦੇ ਉਲਟ ਵਿਹਾਰ ਕਰਨ ਅਤੇ ਅੰਪਾਇਰ ਨਾਲ ਬਹਿਸਣ ’ਤੇ ਚਿਤਾਵਨੀ ਵੀ ਦਿੱਤੀ ਗਈ। ਨਡਾਲ ਦੀ ਇਹ ਵਿੰਬਲਡਨ ਵਿੱਚ 50ਵੀਂ ਜਿੱਤ ਸੀ। ਆਖ਼ਰੀ-16 ਵਿੱਚ ਪਹੁੰਚਣ ਲਈ ਉਸ ਨੂੰ ਫਰਾਂਸ ਦੇ ਜੇ. ਵਿਲਫਰੈਂਡ ਸੋਗਾ ਦੀ ਚੁਣੌਤੀ ਪਾਰ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਉਸ ਦੇ ਰਵਾਇਤੀ ਵਿਰੋਧੀ ਅਤੇ ਅੱਠ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੂੰ ਤੀਜੇ ਗੇੜ ਵਿੱਚ ਪਹੁੰਚਣ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਉਸ ਨੇ ਬਰਤਾਨਵੀ ਖਿਡਾਰੀ ਜੇਅ ਕਲਾਰਕ ਨੂੰ 6-1, 7-6 (7/3), 6-2 ਨਾਲ ਹਰਾਇਆ।
ਨੌਵਾਂ ਦਰਜਾ ਪ੍ਰਾਪਤ ਜੌਹਨ ਇਸਨਰ ਨੂੰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਕਜ਼ਾਖ਼ਸਤਾਨ ਦੇ ਗੈਰ-ਦਰਜਾ ਪ੍ਰਾਪਤ ਮਿਖੈਲ ਕੁਕੁਸ਼ਿਨ ਨੇ 6-4, 6-7, 4-6, 6-1, 6-4 ਨਾਲ ਸ਼ਿਕਸਤ ਦਿੱਤੀ। ਮਹਿਲਾ ਵਰਗ ਵਿੱਚ ਸੱਤ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਅਗਲੇ ਗੇੜ ਵਿੱਚ ਪਹੁੰਚੀ। ਉਸ ਨੇ ਪਹਿਲਾ ਸੈੱਟ ਪੱਛੜਣ ਮਗਰੋਂ 18 ਸਾਲ ਦੀ ਸਲੋਵੇਨਿਆਈ ਕੁਆਲੀਫਾਇਰ ਕਾਜ਼ਾ ਜੁਵਾਨ ਨੂੰ 2-6, 6-2, 6-4 ਨਾਲ ਮਾਤ ਦਿੱਤੀ।