ਮੁੰਬਈ:ਇੱਥੇ ਬੀਤੀ ਰਾਤ ਚੇਨੱਈ ਸੁਪਰਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਖੇਡੇ ਗਏ ਦੂਜੇ ਆਈਪੀਐੱਲ ਮੈਚ ਵਿੱਚ ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਧੀਮੀ ਗੇਂਦਬਾਜ਼ੀ ਲਈ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਤਿੰਨ ਵਾਰ ਦੀ ਚੈਂਪੀਅਨ ਚੇਨੱਈ ਦੀ ਆਈਪੀਐੱਲ-14 ਵਿੱਚ ਸ਼ੁਰੂਆਤ ਖ਼ਰਾਬ ਰਹੀ। ਆਪਣੇ ਪਹਿਲੇ ਹੀ ਮੈਚ ਵਿੱਚ ਚੇਨੱਈ ਨੂੰ ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ ਖ਼ਿਲਾਫ਼ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਈਪੀਐੱਲ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਦੱਸਿਆ, ‘‘ਚੇਨੱਈ ਸੁਪਰਕਿੰਗਜ਼ ਨੇ 10 ਅਪਰੈਲ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਮੁਕਾਬਲੇ ’ਚ ਧੀਮੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ। ਇਸ ਲਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜੁਰਮਾਨਾ ਕੀਤਾ ਗਿਆ ਹੈ।’’