ਚੇਨੱਈ, 8 ਫਰਵਰੀ
ਸਿਖਰਲੇ ਕ੍ਰਮ ਦੇ ਜ਼ਿਆਦਾਤਰ ਬੱਲੇਬਾਜ਼ਾਂ ਦੀ ਨਾਕਾਮੀ ਅਤੇ ਚੇਤੇਸ਼ਵਰ ਪੁਜਾਰਾ ਦੇ ਸੈਂਕੜੇ ਦੇ ਵਧਦੇ ਇੰਤਜ਼ਾਰ ਜਿਹੇ ਕਾਰਨਾਂ ਕਰਕੇ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਵੀ ਬੈਕਫੁੱਟ ’ਤੇ ਰਹੀ। ਭਾਰਤ ਨੇ ਤੀਸਰੇ ਦਿਨ ਦੀ ਖੇਡ ਖ਼ਤਮ ਹੋਣ ਤਕ ਛੇ ਵਿਕਟਾਂ ਦੇ ਨੁਕਸਾਨ ’ਤੇ 257 ਦੌੜਾਂ ਬਣਾਈਆਂ ਹਨ ਅਤੇ ਇੰਗਲੈਂਡ ਤੋਂ 321 ਦੌੜਾਂ ਪਿੱਛੇ ਹੈ। ਭਾਰਤ ਵੱਲੋਂ ਸਿਰਫ ਪੁਜਾਰਾ (73) ਅਤੇ ਰਿਸ਼ਭ ਪੰਤ (91) ਹੀ ਕੁਝ ਦੌੜਾਂ ਬਣਾ ਸਕੇ। ਭਾਰਤ ਨੇ ਆਪਣੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (6) ਅਤੇ ਸ਼ੁਭਮਨ ਗਿੱਲ (29) ਨੂੰ ਸਵੇਰ ਦੇ ਸੈਸ਼ਨ ਵਿੱਚ ਹੀ ਗਵਾ ਦਿੱਤਾ ਸੀ। ਇਨ੍ਹਾਂ ਦੋਹਾਂ ਨੂੰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਆਊਟ ਕੀਤਾ। ਕਪਤਾਨ ਕੋਹਲੀ (11) ਅਤੇ ਉਪ ਕਪਤਾਨ ਅਜਿੰਕਿਆ ਰਹਾਣੇ (1) ਦੂਸਰੇ ਸੈਸ਼ਨ ’ਚ ਡੌਮਨਿਕ ਬੇਸ ਦੇ ਸ਼ਿਕਾਰ ਬਣੇ। ਅੱਜ ਦੀ ਖੇਡ ਖ਼ਤਮ ਹੋਣ ਤਕ ਵਾਸ਼ਿੰਗਟਨ ਸੁੰਦਰ (33) ਅਤੇ ਰਵਿਚੰਦਰਨ ਅਸ਼ਵਿਨ (8) ਖੇਡ ਰਹੇ ਸਨ।