ਵਿਸ਼ਾਖਾਪਟਨਮ, 11 ਮਈ
ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਖੇਡ ਦੇ ਹਰ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਕੁਆਲੀਫਾਈਰ ਵਿੱਚ ਦਿੱਲੀ ਕੈਪੀਟਲਜ਼ ਉੱਤੇ ਛੇ ਵਿਕਟਾਂ ਦੀ ਜਿੱਤ ਦੇ ਨਾਲ ਅੱਠਵੀਂ ਵਾਰ ਆਈਪੀਐੱਲ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਫਾਈਨਲ ਵਿੱਚ ਟੱਕਰ ਆਪਣੀ ਰਿਵਾਇਤੀ ਵਿਰੋਧੀ ਟੀਮ ਮੁੰਬਈ ਇੰਡੀਅਨਜ਼ ਦੇ ਨਾਲ ਹੋਵੇਗੀ।
ਦਿੱਲੀ ਕੈਪੀਟਲਜ਼ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਨੌਂ ਵਿਕਟਾਂ ’ਤੇ 147 ਦੌੜਾਂ ਬਣਾਈਆਂ। ਦਿੱਲੀ ਵੱਲੋਂ ਰਿਸ਼ਭ ਪੰਤ ਨੇ ਸਭ ਤੋਂ ਜ਼ਿਆਦਾ 38 ਦੌੜਾਂ ਬਣਾਈਆਂ। ਚੇਨੱਈ ਲਈ ਡਵੇਨ ਬਰਾਵੋ, ਦੀਪਕ ਚਾਹਰ, ਰਵਿੰਦਰ ਜਡੇਜਾ ਅਤੇ ਹਰਭਜਨ ਸਿੰਘ ਨੇ ਦੋ ਦੋ ਵਿਕਟਾਂ ਲਈਆਂ। ਚੇਨਈ ਦੀ ਟੀਮ ਨੇ 19 ਓਵਰਾਂ ਵਿੱਚ ਚਾਰ ਵਿਕਟਾਂ ਉੱਤੇ 151 ਦੌੜਾਂ ਬਣਾ ਕੇ ਆਸਾਨੀ ਦੇ ਨਾਲ ਟੀਚਾ ਹਾਸਲ ਕਰ ਲਿਆ। ਚੇਨੱਈ ਦੀ ਤਰਫੋਂ ਫਾਫ ਡੂ ਪਲੇਸਿਸ (50) ਤੇ ਸ਼ੇਨ ਵਾਟਸਨ (50 ) ਦੇ ਅਰਧ ਸੈਂਕੜੇ ਜਮਾਏ ਅਤੇ ਪਹਿਲੀ ਵਿਕਟ ਦੇ ਲਈ 81 ਦੌੜਾਂ ਜੋੜ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।
ਇਸ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ ਆਈਪੀਐਲ ਦੇ ਦੂਜੇ ਕੁਆਰਟਰਫਾਈਨਲ ਵਿੱਚ ਸ਼ੁੱਕਰਵਾਰ ਨੂੰ ਇਥੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਦੋਂ ਕਿ ਚੇਨੱਈ ਨੇ ਬੱਲੇਬਾਜ਼ ਮੁਰਲੀ ਵਿਜੈ ਦੀ ਥਾਂ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਆਖ਼ਰੀ ਗਿਆਰਾਂ ਵਿੱਚ ਰੱਖਿਆ।
ਚੇਨਈ ਨੇ ਹੁਣ ਤੱਕ ਆਈਪੀਐੱਲ ਦੇ ਦਸ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਤੇ ਟੀਮ ਅੱਠ ਵਾਰ ਫਾਈਨਲ ਵਿੱਚ ਪੁੰਜੀ ਹੈ,ਜੋ ਇੱਕ ਰਿਕਾਰਡ ਹੈ। ਚੇਨੱਈ ਤਿੰਨ ਵਾਰ ਚੈਂਪੀਅਨ ਬਣੀ ਹੈ। ਮੁੰਬਈ ਇੰਡੀਅਨਜ਼ ਦੋ ਵਾਰ ਆਈਪੀਐੱਲ ਚੈਂਪੀਅਨ ਬਣੀ ਹੈ। ਆਈਪੀਐੱਲ ਦਾ ਇਹ ਚੌਥਾ ਮੌਕਾ ਹੈ ਜਦੋਂ ਮੁੰਬਈ ਤੇ ਚੇਨਈ ਆਹਮੋ ਸਾਹਮਣੇ ਹੋਣਗੀਆਂ। ਚੇਨਈ ਨੇ ਮੁੰਬਈ ਨੂੰ ਫਾਈਨਲ ’ਚਇਕ ਵਾਰ ਤੇ ਮੁੰਬਈ ਦੋ ਵਾਰ ਜਿੱਤ ਚੁੱਕੀ ਹੈ।