ਪੇਈਚਿੰਗ, 5 ਅਗਸਤ

ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਅੱਜ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ ਮਿੱਥੇ ਨਿਸ਼ਾਨਿਆਂ ’ਤੇ ਮਿਜ਼ਾਈਲਾਂ ਦਾਗ਼ੀਆਂ।

ਮੁਕਾਮੀ ਸਮੇਂ ਮੁਤਾਬਕ ਦੁਪਹਿਰ ਇਕ ਵਜੇ ਦੇ ਕਰੀਬ ਪੀਐੱਲਏ ਦੀ ਈਸਟਰਨ ਥੀਏਟਰ ਕਮਾਂਡ, ਜੋ ਤਾਇਵਾਨ ਤੇ ਨੇੜਲੇ ਇਲਾਕਿਆਂ ਦੀ ਨਿਗਰਾਨੀ ਡਿਊਟੀ ਵਿਚ ਤਾਇਨਾਤ ਹੈ, ਨੇ ਇਸ ਜੰਗੀ ਮਸ਼ਕ ਨੂੰ ਅੰਜਾਮ ਦਿੱਤਾ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਵੀਰਵਾਰ ਬਾਅਦ ਦੁਪਹਿਰ ਤਾਇਵਾਨ ਜਲਡਮਰੂ ਦੇ ਪੂਰਬੀ ਹਿੱਸੇ ਵਿੱਚ ਮਿੱਥੇ ਖੇਤਰਾਂ ’ਤੇ ਬੰਬਾਰੀ ਕੀਤੀ ਤੇ ਮਿਜ਼ਾਈਲਾਂ ਦਾਗ਼ੀਆਂ। ਸਰਕਾਰੀ ਰੋਜ਼ਨਾਮਚੇ ‘ਚਾਈਨਾ ਡੇਲੀ’ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜੰਗੀ ਮਸ਼ਕ ਆਪਣੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ। ਰਿਪੋਰਟ ਮੁਤਾਬਕ ਪੀਐੱਲੲੇ ਦੇ ਜ਼ਮੀਨੀ ਬਲਾਂ ਨੇ ਮਸ਼ਕ ਦੌਰਾਨ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਤੋਪਖਾਨੇ ਤੇ ਮਲਟੀਪਲ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ।

ਕਾਬਿਲੇਗੌਰ ਹੈ ਕਿ ਚੀਨ ਨੇ ਤਾਇਵਾਨ ’ਤੇ ਕਦੇ ਕੰਟਰੋਲ ਨਹੀਂ ਕੀਤਾ, ਪਰ ਉਹ ਇਸ ਨੂੰ ਆਪਣੇ ਭੂ-ਖੰਡ ਦੇ ਹਿੱਸੇ ਵਜੋਂ ਵੇਖਦਾ ਹੈ। ਪੇਲੋਸੀ ਦੀ ਤਾਇਵਾਨ ਫੇਰੀ, ਜੋ ਪਿਛਲੇ ਢਾਈ ਦਹਾਕਿਆਂ ਵਿੱਚ ਕਿਸੇ ਮੌਜੂਦਾ ਅਮਰੀਕੀ ਸਪੀਕਰ ਦਾ ਪਲੇਠਾ ਦੌਰਾ ਹੈ, ਦੇ ਹਵਾਲੇ ਨਾਲ ਚੀਨ ਨੇ ਬਾਇਡਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਦਾ ਚੀਨ-ਅਮਰੀਕਾ ਰਿਸ਼ਤਿਆਂ ਦੀ ਸਿਆਸੀ ਬੁਨਿਆਦ ’ਤੇ ਵੱਡਾ ਅਸਰ ਪੲੇਗਾ। ਡੈਮੋਕੋਰੈਟ ਆਗੂ ਪੇਲੋਸੀ(82) ਬੁੱਧਵਾਰ ਨੂੰ ਤਾਇਵਾਨ ਤੋਂ ਰੁਖ਼ਸਤ ਹੋ ਗਈ ਸੀ।