ਪੇਈਚਿੰਗ, 25 ਦਸੰਬਰ
ਚੀਨ ਨੇ ਪਿਛਲੇ ਹਫ਼ਤੇ ਕੈਨੇਡਾ ਅਤੇ ਅਮਰੀਕਾ ਵੱਲੋਂ ਕੈਨੇਡਾ ਦੇ ਨਾਗਰਿਕਾਂ ਦੀ ਰਿਹਾਈ ਦੀ ਮੰਗ ਲਈ ਦਿੱਤੇ ਬਿਆਨਾਂ ਦਾ ਸਖ਼ਤ ਵਿਰੋਧ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਾਂਗ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ,‘ਚੀਨ ਨੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਅਤੇ ਕੈਨੇਡਾ ਅਤੇ ਅਮਰੀਕਾ ਵੱਲੋਂ ਦਿੱਤੇ ਬਿਆਨਾਂ ਦਾ ਵਿਰੋਧ ਕੀਤਾ ਹੈ।’
ਚੀਨ ਨੇ ਇਸ ਮਹੀਨੇ ਕੈਨੇਡਾ ਦੇ ਦੋ ਨਾਗਰਿਕਾਂ- ਮਾਈਕਲ ਕੋਵਰਿਗ ਅਤੇ ਮਾਈਕਲ ਸਪਾਵੋਰ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਕਦਮ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਹੁਵਾਈ ਟੈਕਨਾਲੋਜੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਜ਼ੋਊ ਦੀ ਗ੍ਰਿਫਤਾਰੀ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਦੌਰਾਨ ਚੀਨ ਵਿਚ ਗੈਰਕਾਨੂੁੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੀ ਕੈਨੇਡਾ ਦੀ ਇੱਕ ਹੋਰ ਨਾਗਰਿਕ ਸਾਰਾਹ ਮੈਕਲਵਰ ਦਾ ਮਾਮਲਾ ਵੀ ਵਿਚਾਲੇ ਲਟਕ ਗਿਆ ਹੈ।
ਦੱਸਣਯੋਗ ਹੈ ਕਿ ਕੈਨੇਡਾ ਦੀ ਮੁੱਖ ਰਾਜਦੂਤ ਕ੍ਰਿਸਟੀਆ ਫਰੀਲੈਂਡ ਨੇ ਸ਼ਨਿਚਰਵਾਰ ਨੂੰ ਕੈਨੇਡਾ ਦੇ ਇਨ੍ਹਾਂ ਨਾਗਰਿਕਾਂ ਦੀ ਰਿਹਾਈ ਲਈ ਮਿੱਤਰ ਮੁਲਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਇਸ ਘਟਨਕ੍ਰਮ ਨੂੰ ਕੌਮਾਂਤਰੀ ਭਾਈਚਾਰੇ ਲਈ ਚਿੰਤਾਜਨਕ ਦੱਸਿਆ ਸੀ। ਕੈਨੇਡਾ ਵਿਚ ਹੁਆਵੇ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੀਤੀਆਂ ਗਈਆਂ ਇਨ੍ਹਾਂ ਗ੍ਰਿਫਤਾਰੀਆਂ ਪ੍ਰਤੀ ਬਰਤਾਨੀਆ, ਜਰਮਨੀ ਅਤੇ ਯੂਰਪੀਅਨ ਸੰਘ ਨੇ ਬਿਆਨ ਜਾਰੀ ਕੀਤੇ ਸਨ। ਚੀਨ ਦੀ ਬੁਲਾਰਾ ਹੁਆ ਚੁਨਯਾਂਗ ਨੇ ਇਨ੍ਹਾਂ ਬਿਆਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਮੁਲਕਾਂ ਦੇ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਲਈ ਮਨੁੱਖੀ ਅਧਿਕਾਰਾਂ ਲਈ ਮਾਪਦੰਡ ਵੱਖੋ-ਵੱਖਰੇ ਹਨ।