ਬੀਜਿੰਗ/ਵੈਨਕੂਵਰ — ਉੱਤਰੀ ਕੋਰੀਆ ‘ਤੇ ਚਰਚਾ ਲਈ ਕੈਨੇਡਾ ਦੇ ਵੈਨਕੂਵਰ ਵਿਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਅੰਤਰਰਾਸ਼ਟਰੀ ਬੈਠਕ ਵਿਚ ਚੀਨ ਹਿੱਸਾ ਨਹੀਂ ਲਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਲੂ ਕਾਂਗ ਨੇ ਬੁੱਧਵਾਰ ਨੂੰ ਦੱਸਿਆ ਕਿ ਚੀਨ ਇਸ ਬੈਠਕ ਵਿਚ ਹਿੱਸਾ ਨਹੀਂ ਲਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਬੈਠਕ ਵਿਚ ਕੋਰੀਆਈ ਪ੍ਰਾਇਦੀਪ ਵਿਚ ਤਣਾਅ ਘੱਟ ਕਰਨ ਵਿਚ ਕੋਈ ਮਦਦ ਨਹੀਂ ਮਿਲੇਗੀ ਕਿਉਂਕਿ ਸਾਰੇ ਸੰਬੰਧਿਤ ਪੱਖ ਉੱਥੇ ਮੌਜੂਦ ਨਹੀਂ ਹੋਣਗੇ। ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪਰੀਖਣਾਂ ਵਿਰੁੱਧ ਅੰਤਰ ਰਾਸ਼ਟਰੀ ਇਕਜੁੱਟਤਾ ਦਿਖਾਉਣ ਲਈ 16 ਜਨਵਰੀ ਨੂੰ ਵੈਨਕੂਵਰ ਵਿਚ ਹੋਣ ਵਾਲੀ ਇਸ ਬੈਠਕ ਦੀ ਮੇਜ਼ਬਾਨੀ ਕੈਨੇਡਾ ਅਤੇ ਅਮਰੀਕਾ ਕਰ ਰਹੇ ਹਨ। ਇਸ ਬੈਠਕ ਵਿਚ ਉਨ੍ਹਾਂ ਸਾਰੇ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ, ਜਿਨ੍ਹਾਂ ਨੇ ਸਾਲ 1950 ਵਿਚ ਦੱਖਣੀ ਕੋਰੀਆ ‘ਤੇ ਉੱਤਰੀ ਕੋਰੀਆ ਦੇ ਹਮਲੇ ਦੌਰਾਨ ਉਸ ਦੇ ਫੌਜੀਆਂ ਨੂੰ ਖਦੇੜਨ ਦੀਆਂ ਸੰਯੁਕਤ ਰਾਸ਼ਟਰ ਸਮਰਥਿਤ ਕੋਸ਼ਿਸ਼ਾਂ ਨੂੰ ਫੌਜੀ ਮਦਦ ਦਿੱਤੀ ਸੀ।