ਓਟਵਾ, 6 ਮਈ  : ਚੀਨ ਨਾਲ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਲਈ ਉੱਘੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕਾ ਉੱਤੇ ਠੋਸ ਕਾਰਵਾਈ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। 
ਸੂਤਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਚਾਹੁੰਦਾ ਹੈ ਕਿ ਅਮਰੀਕਾ ਉਸ ਦੇ ਪੱਖ ਤੋਂ ਸਿੱਧੇ ਤੌਰ ਉੱਤੇ ਚੀਨ ਨਾਲ ਗੱਲ ਕਰੇ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ , ਵਿੱਤ ਮੰਤਰੀ ਬਿੱਲ ਮੌਰਨਿਊ ਤੇ ਕੈਨੇਡਾ ਦੇ ਅਮਰੀਕਾ ਵਿੱਚ ਸਫੀਰ ਡੇਵਿਡ ਮੈਕਨੌਟਨ ਹੀ ਉਹ ਅਧਿਕਾਰੀ ਹਨ ਜਿਹੜੇ ਅਮਰੀਕਾ ਉੱਤੇ ਇਸ ਮਾਮਲੇ ਵਿੱਚ ਦਖਲ ਦੇਣ ਦਾ ਦਬਾਅ ਪਾ ਰਹੇ ਹਨ। 
ਜਿ਼ਕਰਯੋਗ ਹੈ ਕਿ ਹੁਆਵੇਈ ਦੀ ਸੀਐਫਓ ਮੈਂਗ ਵਾਨਜ਼ੋਊ ਨੂੰ ਪਿਛਲੇ ਸਾਲ ਦਸੰਬਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਚੀਨ ਨਾਲ ਕੈਨੇਡਾ ਦੇ ਸਬੰਧ ਖਰਾਬ ਹੁੰਦੇ ਜਾ ਰਹੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਦੋ ਕੈਨੇਡੀਅਨਾਂ ਨੂੰ ਚੀਨ ਵਿੱਚ ਨਜ਼ਰਬੰਦ ਕੀਤਾ ਜਾ ਚੁੱਕਿਆ ਹੈ ਤੇ ਦੋ ਹੋਰਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸਰਕਾਰੀ ਅਧਿਕਾਰੀਆਂ ਨੇ ਆਖਿਆ ਕਿ ਕੈਨੇਡੀਅਨ ਜਿ਼ੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ। 
ਪਿੱਛੇ ਜਿਹੇ ਚੀਨ ਨੇ ਕੈਨੇਡੀਅਨ ਪੋਰਕ ਤੇ ਕੈਨੇਲਾ ਉਤਪਾਦਾਂ ਦੇ ਐਕਸਪੋਰਟ ਉੱਤੇ ਵੀ ਰੋਕ ਲਾ ਦਿੱਤੀ। ਸੂਤਰਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੈਨੇਡੀਅਨ ਕੋਸਿ਼ਸ਼ਾਂ ਅਮਰੀਕਾ ਵੱਲੋਂ ਕਿਵੇਂ ਪੂਰੀਆਂ ਕੀਤੀਆਂ ਜਾਣਗੀਆਂ। ਵਾਸਿ਼ੰਗਟਨ ਤੇ ਬੀਜਿੰਗ ਦਰਮਿਆਨ ਚੱਲ ਰਹੀ ਟਰੇਡ ਜੰਗ ਨੂੰ ਖ਼ਤਮ ਕਰਨ ਲਈ ਟਰੰਪ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਹਫਤੇ ਦੇ ਅੰਤ ਤੱਕ ਮੈਂਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਉਸ ਦੀ ਹਵਾਲਗੀ ਸਬੰਧੀ ਸੁਣਵਾਈ ਅਜੇ ਵੀ ਜਾਰੀ ਹੈ।