ਇਸਲਾਮਾਬਾਦ:ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਚੀਨ ਵਿੱਚ ਹੋਣ ਵਾਲੀ ਤੀਜੀ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਵੀ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਇਸ ਹਕੀਕਤ ਨੂੰ ਸਵੀਕਾਰ ਕਰਨ ਦੀ ਵੀ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਵਿੱਚ ਲੜਾਈ ਖ਼ਤਮ ਹੋ ਚੁੱਕੀ ਹੈ ਅਤੇ ਕੱਟੜਪੰਥੀ ਗਰੁੱਪ ਸੱਤਾ ਵਿੱਚ ਹੈ। ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਇੱਕ ਮੀਟਿੰਗ ਵਿੱਚ ਮੰਗਲਵਾਰ ਨੂੰ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਮੱਧ ਅਗਸਤ ਵਿੱਚ ਤਾਲਿਬਾਨ ਵੱਲੋਂ ਕਾਬੁਲ ’ਤੇ ਕਬਜ਼ਾ ਕਰ ਲਏ ਜਾਣ ਮਗਰੋਂ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਉੱਤੇ ਉਸ ਦੇ ਗੁਆਂਢੀ ਦੇਸ਼ਾਂ ਦਰਮਿਆਨ ਵਿਚਾਰ-ਚਰਚਾ ਕਰਨ ਲਈ ਇੱਕ ਨਵਾਂ ਤੰਤਰ ਬਣਾਇਆ ਹੈ। ‘ਡਾਅਨ’ ਅਖ਼ਬਾਰ ਨੇ ਅੱਜ ਕੁਰੈਸ਼ੀ ਦੇ ਹਵਾਲੇ ਨੇ ਕਿਹਾ, ‘‘ਅਫ਼ਗਾਨਸਿਤਾਨ ਦੀ ਅੰਤਰਿਮ ਸਰਕਾਰ ਨੂੰ ਵੀ ਉਸ ਦੇ (ਅਫ਼ਗਾਨਿਸਤਾਨ ਦੇ) ਗੁਆਂਢੀਆਂ ਵੱਲੋਂ ਕੀਤੀ ਜਾਣ ਵਾਲੀ ਅਗਲੀ ਮੀਟਿੰਗ ਵਿੱਚ ਸੱਦਾ ਦਿੱਤਾ ਜਾਵੇਗਾ।’’ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਅਗਲੀ ਮੀਟਿੰਗ ਚੀਨ ਵਿੱਚ ਹੋਵੇਗੀ। ਹਾਲਾਂਕਿ ਮੀਟਿੰਗ ਦੀ ਤਰੀਕ ਬਾਰੇ ਅੰਤਿਮ ਫ਼ੈਸਲਾ ਨਹੀਂ ਹੋਇਆ, ਪਰ ਇਹ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ ਰੂਸ ਤੋਂ ਇਲਾਵਾ ਚੀਨ, ਇਰਾਨ, ਪਾਕਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨਅਤੇ ਉਜ਼ਬੇਕਿਸਤਾਨ ਸ਼ਾਮਲ ਹਨ।