ਓਸਾਕਾ, ਜਾਪਾਨ, 29 ਜੂਨ : ਓਸਾਕਾ ਵਿੱਚ ਜੀ-20 ਸਿਖਰ ਵਾਰਤਾ ਦੌਰਾਨ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਬਹੁਤ ਹੀ ਖੁਸ਼ਕਿਸਮਤ ਹੈ ਕਿ ਸਾਨੂੰ ਕਈ ਦੇਸ਼ਾਂ ਤੋਂ ਕੌਮਾਂਤਰੀ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡਾ ਮੰਨਣਾ ਹੈ ਕਿ ਮਨਮਾਨੇ ਢੰਗ ਨਾਲ ਕਿਸੇ ਨੂੰ ਨਜ਼ਰਬੰਦ ਕਰਕੇ ਰੱਖਣਾ ਬਹੁਤ ਹੀ ਨੁਕਸਾਨਦੇਹ ਹੈ।
ਫਰੀਲੈਂਡ ਨੇ ਆਪਣੇ ਕੈਬਨਿਟ ਸਹਿਯੋਗੀ ਤੇ ਵਿੱਤ ਮੰਤਰੀ ਬਿੱਲ ਮੌਰਨਿਊ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦੋ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਕੇ ਰੱਖਣ ਦੇ ਸਬੰਧ ਵਿੱਚ ਕਈ ਦੇਸ਼ਾਂ ਵੱਲੋਂ ਚੀਨ ਨੂੰ ਸੁਣਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਮੁਲਾਕਾਤ ਦੌਰਾਨ ਵੀ ਉਨ੍ਹਾਂ ਨੂੰ ਇਹ ਸੱਭ ਸੁਣਨਾ ਪਵੇਗਾ। ਪ੍ਰਧਾਨ ਮੰਤਰੀ ਆਫਿਸ ਵੱਲੋਂ ਆਖਿਆ ਗਿਆ ਕਿ ਸਿਖਰ ਵਾਰਤਾ ਦੇ ਪਹਿਲੇ ਦਿਨ ਚੀਨ ਦੇ ਰਾਸ਼ਟਰਪਤੀ ਜ਼ੀ ਜਿ਼ੰਨਪਿੰਗ ਨਾਲ ਪ੍ਰਧਾਨ ਮੰਤਰੀ ਟਰੂਡੋ ਦੀ ਗੱਲਬਾਤ ਕਾਫੀ ਸਕਾਰਾਤਮਕ ਰਹੀ।
ਸ਼ੁੱਕਰਵਾਰ ਨੂੰ ਜਾਰੀ ਹੋਈ ਇੱਕ ਵੀਡੀਓ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਆਗੂ ਲੰਮਾਂ ਸਮਾਂ ਇੱਕ ਦੂਜੇ ਦੇ ਕੋਲ ਬੈਠੇ ਰਹੇ ਪਰ ਦੋਵਾਂ ਨੇ ਕਈ ਮਿੰਟਾਂ ਤੱਕ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਹਾਲਾਂਕਿ ਕੈਮਰੇ ਉਨ੍ਹਾਂ ਵੱਲ ਹੀ ਸਨ। ਇਸ ਦੌਰਾਨ ਆਪਣੇ ਦੂਜੇ ਪਾਸੇ ਬੈਠੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨਾਲ ਟਰੂਡੋ ਗੱਲਬਾਤ ਦੀ ਕੋਸਿ਼ਸ਼ ਕਰਦੇ ਨਜ਼ਰ ਆਏ। ਇਸ ਫੁਟੇਜ ਤੋਂ ਪਹਿਲਾਂ ਟਰੂਡੋ ਤੇ ਜ਼ੀ ਨੇ ਇੱਕ ਦੂਜੇ ਦਾ ਸਵਾਗਤ ਕੀਤਾ।
ਫਰੀਲੈਂਡ ਨੇ ਆਖਿਆ ਕਿ ਕੈਨੇਡਾ ਤਾਂ ਲੰਮੇਂ ਸਮੇਂ ਤੋਂ ਚੀਨ ਨਾਲ ਕਈ ਮੁੱਦੇ ਵਿਚਾਰਨਾ ਚਾਹੁੰਦਾ ਹੈ। ਉਨ੍ਹਾਂ ਆਖਿਆ ਕਿ ਕਈ ਡਿਪਲੋਮੈਟਿਕ ਪੱਧਰਾਂ ਉੱਤੇ ਅਸੀਂ ਇਸ ਬਾਰੇ ਕਈ ਵਾਰੀ ਆਪਣਾ ਪੱਖ ਵੀ ਰੱਖ ਚੁੱਕੇ ਹਾਂ। ਫਰੀਲੈਂਡ ਨੇ ਆਖਿਆ ਕਿ ਇਸ ਉੱਚ ਪੱਧਰੀ ਵਾਰਤਾ ਦੌਰਾਨ ਗੱਲਬਾਤ ਕਰਨਾ ਸਹੀ ਵੀ ਰਹੇਗਾ। ਇਸ ਸਮੇਂ ਗੱਲਬਾਤ ਕਰਨੀ ਇਸ ਲਈ ਔਖੀ ਹੋ ਰਹੀ ਹੈ ਕਿਉਂਕਿ ਚੀਨੀ ਅਧਿਕਾਰੀ ਇਹ ਸਪਸ਼ਟ ਕਰ ਚੁੱਕੇ ਹਨ ਕਿ ਫਰੀਲੈਂਡ ਜਾਂ ਟਰੂਡੋ ਸਮੇਤ ਉਨ੍ਹਾਂ ਦਾ ਕਿਸੇ ਵੀ ਹੋਰ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਇਸ ਸਮੇਂ ਕੈਨੇਡਾ ਬਹੁਤ ਹੱਦ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਨਿਰਭਰ ਕਰ ਰਿਹਾ ਹੈ। ਟਰੰਪ ਵੱਲੋਂ ਵੀ ਟਰੂਡੋ ਨੂੰ ਇਹ ਮੁੱਦਾ ਵਿਚਾਰਨ ਦਾ ਪੂਰਾ ਭਰੋਸਾ ਦਿਵਾਇਆ ਗਿਆ ਹੈ।