ਵਾਸ਼ਿੰਗਟਨ, 31 ਅਗਸਤ
ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਅੱਜ ਕਿਹਾ ਕਿ ਆਪਣੇ ਰਣਨੀਤਕ ਵਿਰੋਧੀਆਂ ਚੀਨ ਤੇ ਰੂਸ ਨਾਲ ਨਜਿੱਠਣ ਦੇ ਪੱਖ ਤੋਂ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ‘ਬੇਹੱਦ ਮਹੱਤਵਪੂਰਨ’ ਹਨ। ਭਾਰਤੀ-ਅਮਰੀਕੀ ਖੰਨਾ ਅੱਜ ਇੱਥੇ ਇਕ ਰੇਡੀਓ ਪ੍ਰੋਗਰਾਮ ਵਿਚ ਇੰਟਰਵਿਊ ਦੇ ਰਹੇ ਸਨ। ਉਹ ਹਾਲ ਹੀ ਵਿਚ ਭਾਰਤ ਦੇ ਦੌਰੇ ਤੋਂ ਪਰਤੇ ਹਨ। ਉਨ੍ਹਾਂ ਕਿਹਾ ਕਿ ਚੀਨ ਤੇ ਰੂਸ ਸਪੱਸ਼ਟ ਤੌਰ ’ਤੇ ਦੋ ਰਣਨੀਤਕ ਚੁਣੌਤੀਆਂ ਹਨ। ਇਸ ਲਈ ਇਨ੍ਹਾਂ ਨਾਲ ਨਜਿੱਠਣ ਲਈ ਭਾਰਤ ਨਾਲ ਮਜ਼ਬੂਤ ਰਿਸ਼ਤੇ ਰੱਖਣਾ ਅਮਰੀਕਾ ਲਈ ਮਹੱਤਵਪੂਰਨ ਹੈ। ਖੰਨਾ ਨੇ ਕਿਹਾ, ‘ਮੈਂ ਸੋਚਦਾ ਹਾਂ ਕਿ ਚੀਨ ਤੇ ਰੂਸ ਹਮੇਸ਼ਾ ਬਰਾਬਰ ਨਹੀਂ ਚੱਲਣਗੇ ਤੇ ਕੁਝ ਮੌਕੇ ਹਨ, ਪਰ ਕੁੱਲ-ਮਿਲਾ ਕੇ ਸਾਨੂੰ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ। ਰੋਅ ਖੰਨਾ ਨੇ ਕਿਹਾ ਕਿ ਅਮਰੀਕਾ ਲਈ ਇਹ ਸੋਚਣਾ ਵਾਜਬ ਨਹੀਂ ਹੋਵੇਗਾ ਕਿ ਭਾਰਤ, ਚੀਨ ਨਾਲ ਟਕਰਾਅ ਦੀ ਸੂਰਤ ਵਿਚ ਮਲੱਕਾ ਦੇ ਸਮੁੰਦਰੀ ਰਾਹ ਨੂੰ ਬੰਦ ਕਰ ਦੇਵੇਗਾ, ਪਰ ਨਵੀਂ ਦਿੱਲੀ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਵਿਚ ਆਪਣੀਆਂ ਹੱਦਾਂ ਉਤੇ ਹਮਲਾਵਰ ਹੋ ਸਕਦੀ ਹੈ, ਅਤੇ ਪੇਈਚਿੰਗ ਵੱਲੋਂ ਤਾਇਵਾਨ ’ਚ ਘੁਸਪੈਠ ਦੀ ਕੋਸ਼ਿਸ਼ ਦੌਰਾਨ ਦੋ ਮੋਰਚਿਆਂ ’ਤੇ ਜੰਗ ਸ਼ੁਰੂ ਕਰ ਸਕਦੀ ਹੈ। ਮਲੱਕਾ ਨਾਲ ਲੱਗਦਾ ਸਮੁੰਦਰੀ ਮਾਰਗ ਅੰਡੇਮਾਨ ਸਾਗਰ (ਹਿੰਦ ਮਹਾਸਾਗਰ) ਤੇ ਦੱਖਣੀ ਚੀਨ ਸਾਗਰ (ਪ੍ਰਸ਼ਾਂਤ ਮਹਾਸਾਗਰ) ਨੂੰ ਜੋੜਦਾ ਹੈ। ਮਲੱਕਾ ਜਲ ਮਾਰਗ ਭਾਰਤ ਤੇ ਚੀਨ ਵਿਚਾਲੇ ਸਭ ਤੋਂ ਛੋਟਾ ਸਮੁੰਦਰੀ ਰਾਸਤਾ ਹੈ, ਇਹ ਦੁਨੀਆ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਸਮੁੰਦਰੀ ਮਾਰਗਾਂ ਵਿਚੋਂ ਇਕ ਹੈ। ਖੰਨਾ ਜੋ ਕਿ ਕਾਂਗਰੈਸ਼ਨਲ ਇੰਡੀਆ ਕਾਕਸ ਦੇ ਸਹਿ-ਪ੍ਰਧਾਨ ਵੀ ਹਨ, ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਚੀਨ ਵੱਲੋਂ ਤਾਇਵਾਨ ’ਚ ਵੜਨ ਦੀ ਸੂਰਤ ਵਿਚ ਭਾਰਤ ਨੂੰ ਮਲੱਕਾ ਮਾਰਗ ਬੰਦ ਕਰ ਦੇਣਾ ਚਾਹੀਦਾ ਹੈ।