ਪੇਈਚਿੰਗ, 30 ਨਵੰਬਰ

ਚੀਨ ਦੇ ਉਸਾਰੀ ਅਧੀਨ ਪੁਲਾੜ ਸਟੇਸ਼ਨ ’ਤੇ ਪਹੁੰਚਣ ਵਾਲੇ ਇੱਕ ਯਾਤਰੀ ਵਾਹਨ ਵਿੱਚ ਸਵਾਰ ਤਿੰਨ ਪੁਲਾੜ ਯਾਤਰੀਆਂ ਨੇ ਅੱਜ ਉਥੇ ਮੌਜੂਦ ਆਪਣੇ ਤਿੰਨ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਤਰ੍ਹਾਂ ਪੁਲਾੜ ਵਿੱਚ ਪਹਿਲੀ ਵਾਰ ਦੇਸ਼ ਦੇ ਛੇ ਪੁਲਾੜ ਯਾਤਰੀ ਇਕੱਠੇ ਹੋਏ ਹਨ। ਚੀਨ ਨੇ ਬੀਤੀ ਰਾਤ ਆਪਣੇ ਉਸਾਰੀ ਅਧੀਨ ਪੁਲਾੜ ਸਟੇਸ਼ਨ ਲਈ ਇੱਕ ਪੁਲਾੜ ਵਾਹਨ ਰਾਹੀਂ ਤਿੰਨ ਪੁਲਾੜ ਯਾਤਰੀਆਂ ਫੀ ਜੁਨਲੌਂਗ, ਡੇਂਗ ਕਿੰਗਮਿੰਗ ਅਤੇ ਝਾਂਗ ਲੂ ਨੂੰ ਰਵਾਨਾ ਕੀਤਾ ਸੀ। ਚਾਈਨਾ ਮੈਨਡ ਸਪੇਸ ਏਜੰਸੀ (ਸੀਐੱਮਐੱਸਏ) ਮੁਤਾਬਕ, ਸ਼ੇਨਝਊ-15 ਪੁਲਾੜ ਵਾਹਨ ਨੂੰ ਉੱਤਰ-ਪੱਛਮੀ ਚੀਨ ਸਥਿਤ ਜਿਯੂਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਛੱਡਿਆ ਗਿਆ ਸੀ। ਸਰਕਾਰੀ ਸ਼ਿਨਹੂਆ ਖ਼ਬਰ ਏਜੰਸੀ ਦੀ ਖ਼ਬਰ ਮੁਤਾਬਕ, ਪੁਲਾੜ ਸਟੇਸ਼ਨ ’ਤੇ ਪਹਿਲਾਂ ਤੋਂ ਮੌਜੂਦ ਤਿੰਨ ਜਣਿਆਂ ਨੇ ਆਪਣੇ ਤਿੰਨ ਸਾਥੀਆਂ ਦਾ ਗਲ ਨਾਲ ਲਾ ਕੇ ਸਵਾਗਤ ਕੀਤਾ। ਉਨ੍ਹਾਂ ਨੇ ਸਾਂਝੀ ਤਸਵੀਰ ਵੀ ਖਿੱਚੀ। ਇਹ ਛੇ ਪੁਲਾੜ ਯਾਤਰੀ ਤੈਅ ਕੰਮ-ਕਾਜ ਲਈ ਲਗਪਗ ਪੰਜ ਦਿਨ ਰਲ-ਮਿਲ ਕੇ ਕੰਮ ਕਰਨਗੇ। ਇਸ ਤੋਂ ਬਾਅਦ ਪੁਲਾੜ ਸਟੇਸ਼ਨ ਵਿੱਚ ਛੇ ਮਹੀਨੇ ਤੱਕ ਰਹਿ ਚੁੱਕੇ ਪਹਿਲਾਂ ਵਾਲੇ ਤਿੰਨ ਯਾਤਰੀ ਧਰਤੀ ’ਤੇ ਪਰਤ ਆਉਣਗੇ।